ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਨਿੱਜੀਕਰਨ ਖ਼ਿਲਾਫ਼ ਅੱਜ ਵਿੱਤ ਮੰਤਰੀ ਪੰਜਾਬ ਮਨਪ੍ਰਰੀਤ ਬਾਦਲ ਦੇ ਬਠਿੰਡਾ ਦਫਤਰ ਅੱਗੇ ਸਰਕਾਰੀ ਮੁਲਾਜ਼ਮ ਯੂਨੀਅਨ, ਨੌਜਵਾਨ ਭਾਰਤ ਸਭਾ ਵੱਲੋਂ ਰੈਲੀ ਅਤੇ ਮੁਜ਼ਾਹਰਾ ਕੀਤਾ। ਰੋਜ਼ ਗਾਰਡਨ ਦੇ ਸਾਹਮਣੇ ਪੁਲ ਹੇਠਾਂ ਇਕੱਤਰਤਾ ਕਰਨ ਤੋਂ ਬਾਅਦ ਮਾਰਚ ਕਰਕੇ ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਦੇ ਅੱਗੇ ਪੁੱਜ ਕੇ ਰੈਲੀ ਕੀਤੀ ਗਈ।

ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਗਗਨਦੀਪ ਸਿੰਘ, ਅਸ਼ਵਨੀ ਘੁੱਦਾ, ਬਲਜਿੰਦਰ ਸਿੰਧ ਅਤੇ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਫੰਡਾਂ ਦੀ ਘਾਟ ਅਤੇ ਸਰਕਾਰੀ ਬੇਰੁਖ਼ੀ ਕਾਰਨ ਪੰਜਾਬ ਦਾ ਇੱਕੋ ਇੱਕ ਵਿਸ਼ੇਸ਼ ਸਹੂਲਤਾਂ ਨਾਲ ਲੈਸ ਖੇਡ ਸਕੂਲ ਨਿੱਜੀਕਰਨ ਦੀ ਨੀਤੀ ਦੀ ਮਾਰ ਹੇਠ ਸਹਿਕ ਰਿਹਾ ਹੈ। ਫੰਡਾਂ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਮਿਲਣ ਵਾਲੀ ਖ਼ੁਰਾਕ ਦਾ ਕੋਈ ਸੁਚਾਰੂ ਪ੍ਰਬੰਧ ਨਹੀਂ ਹੈ ਪਿਛਲੇ ਛੇ ਮਹੀਨਿਆਂ ਤੋਂ ਸਕੂਲ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਰੋਕ ਰੱਖੀਆਂ ਹਨ।

ਸਰਕਾਰ ਦੀ ਨਿੱਜੀਕਰਨ ਦੀ ਨੀਤੀ ਕਾਰਨ ਖਾਲੀ ਹੋਣ ਵਾਲੀਆਂ ਅਸਾਮੀਆਂ ਨੂੰ ਭਰਨ ਦਾ ਕੋਈ ਇੰਤਜਾਮ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ। 8 ਮਾਰਚ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਇਸ ਸਕੂਲ ਮੰਦੀ ਹਾਲਤ ਦੀ ਵੀ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸਕੂਲ ਨੂੰ ਚਲਾਉਣ ਲਈ ਤਿੰਨ ਪ੍ਰਸਤਾਵ ਦੱਸੇ ਸਨ, ਜੋ ਅਸਲ ਵਿੱਚ ਸਕੂਲ ਨੂੰ ਚਲਾਉਣ ਦੀ ਥਾਂ ਸਕੂਲ ਨੂੰ ਸਰਕਾਰੀ ਤੋਂ ਨਿੱਜੀ ਹੱਥਾਂ ਵਿਚ ਦੇਣ ਵਾਲੇ ਪ੍ਰਸਤਾਵ ਸਨ।

ਸਕੂਲ ਨੂੰ ਚਲਾਉਣ ਲਈ ਇਸਦੀ ਵਿੱਤੀ ਹੱਲ ਲਈ ਫੌਰੀ ਗਰਾਂਟ ਜਾਰੀ ਕੀਤੀ ਜਾਵੇ। ਇਸ ਸਕੂਲ ਦੇ ਕੁੱਲ ਖ਼ਰਚੇ ਦੀ ਜਿੰਮੇਵਾਰੀ ਸਰਕਾਰੀ ਵਿਭਾਗ ਵੱਲੋਂ ਚੁੱਕਣੀ ਯਕੀਨੀ ਕੀਤੀ ਜਾਵੇ। ਸਕੂਲ ਨੂੰ ਵਿਭਾਗ ਵਿੱਚ ਮਰਜ ਕੀਤਾ ਜਾਵੇ, ਸਕੂਲ 'ਚ ਸੇਵਾ ਨਿਭਾ ਰਹੇ ਅਧਿਆਪਨ, ਗੈਰ-ਅਧਿਆਪਨ ਅਤੇ ਕੋਚ ਸਹਿਬਾਨ ਦੀਆਂ ਅਸਾਮੀਆਂ ਰੈਗੂਲਰ ਕੀਤੀਆਂ ਜਾਣ। ਸਕੂਲ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਅਤੇ ਹੋਰ ਲੋੜੀਂਦੀਆਂ ਅਸਾਮੀਆਂ ਰੈਗੂਲਰ ਆਧਾਰ ਤੇ ਦਿੱਤੀਆਂ ਜਾਣ। ਜਦੋਂ ਪੰਜਾਬ ਦੇ ਸਾਰੇ ਸਕੂਲ ਖੋਲ੍ਹੇ ਜਾ ਚੁੱਕੇ ਹਨ ਤਾਂ ਇਸ ਸਕੂਲ ਨੂੰ ਬੰਦ ਕਿਉਂ ਰੱਖਿਆ ਗਿਆ ਹੈ ਇਸ ਨੂੰ ਵੀ ਖੋਲਿ੍ਹਆ ਜਾਵੇ। ਸਕੂਲ ਦੇ ਮੁਲਾਜਮਾਂ ਨੂੰ ਰੁਕੀਆਂ ਤਨਖਾਹਾਂ ਫੌਰੀ ਜਾਰੀ ਕੀਤੀਆਂ ਜਾਣ ਬੱਚਿਆਂ ਤੋਂ ਮੈਨੇਜਮੈਂਟ ਕੋਟੇ ਤਹਿਤ ਉਗਰਾਹੀ ਕਰਨ ਦੀਆਂ ਤਜਵੀਜਾਂ ਰੱਦ ਕੀਤੀਆਂ ਜਾਣ।

ਰੈਲੀ ਵਿੱਚ ਐਸ.ਐਚ.ਓ. ਕੋਤਵਾਲੀ ਦਲਜੀਤ ਬਰਾੜ ਵੱਲੋਂ ਪਹੁੰਚ ਕੇ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ। ਇਸ ਤੋਂ ਬਾਅਦ ਅੱਜ ਵੀ ਰੈਲੀ ਸਮਾਪਤ ਕੀਤੀ ਗਈ। ਅੱਜ ਦੇ ਸਮਾਗਮ ਵਿਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਜਗਰੂਪ ਸਿੰਘ, ਮਗਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ, ਵਿਦਿਆਰਥੀ ਏਕਤਾ ਕਮੇਟੀ ਦੇ ਗੁਰਪ੍ਰਰੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਅਮਿਤੋਜ ਸਿੰਘ, ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਜੈ ਸਿੰਘ ਵਾਲਾ ਤੋਂ ਜਗਤਾਰ ਸਿੰਘ, ਫਿਜੀਕਲ ਐਜੂਕੇਸ਼ਨ ਐਂਡ ਸਪੋਰਟਸ ਯੂਨੀਅਨ ਤੋਂ ਜਗਦੀਸ਼ ਕੁਮਾਰ, ਐਸ.ਐਸ.ਏ./ ਰਮਸਾ ਅਧਿਆਪਕ ਯੂਨੀਅਨ ਪੰਜਾਬ ਤੋਂ ਹਰਜੀਤ ਜੀਦਾ, ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਤਵਿੰਦਰ ਸਿੰਘ, ਬਾਬਾ ਤੇਜਾ ਸਿੰਘ ਕਲੱਬ ਬੰਬੀਹਾ, ਦੋਧੀ ਡੇਅਰੀ ਯੂਨੀਅਨ ਤੋਂ ਹਰਜਿੰਦਰ ਸਿੰਘ, ਸੀਟੂ ਤੋਂ ਕੁਲਜੀਤ ਸਿੰਘ ਠੇਕਾ ਮੁਲਾਜਮਾਂ ਸੰਘਰਸ਼ ਕਮੇਟੀ ਪਾਵਰਕੌਮ ਜ਼ੋਨ ਬਠਿੰਡਾ ਤੋਂ ਰਾਮ ਬਾਰਨ ਅਤੇ ਲੋਕ ਮੋਰਚਾ ਪੰਜਾਬ ਤੋਂ ਮਾਸਟਰ ਜਗਮੇਲ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਮੂਲੀਅਤ ਕੀਤੀ।