ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ''ਮੰਮੀ! ਸਰ ਤੋਂ ਸਬਜ਼ੀ ਲੈ ਲਓ।'' ਇਹ ਸ਼ਬਦ ਨਾਭਾ ਦੇ ਸੁਮੇਰ ਰਾਜਨ ਨੂੰ ਬਹੁਤ ਚੀਸ ਦਿੰਦੇ ਨੇ। ਬੱਚਿਆਂ ਦੇ ਮੂੰਹੋਂ ਸ਼ਬਦ ਸੁਣ ਕੇ ਉਹ ਮਾਯੂਸ ਵੀ ਹੋ ਜਾਂਦਾ ਹੈ। ਹਾਲਾਂਕਿ ਆਪਣੀ ਜ਼ਿੰਦਗੀ ਦੀ ਉਸ ਨੂੰ ਚਿੰਤਾ ਨਹੀਂ ਹੈ ਪਰ ਬੱਚਿਆਂ, ਜਿਨ੍ਹਾਂ ਦਾ ਉਹ ਆਦਰਸ਼ ਹੈ, ਉਨ੍ਹਾਂ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ।

ਸੁਮੇਰ ਰਾਜਨ ਦਾ ਅਸਲ ਨਾਲ ਸੁਮੇਰ ਸਿੰਘ ਹੈ। ਰੰਗਕਰਮੀ, ਨਾਟਕਰਮੀ, ਅਧਿਆਪਕ ਖਿੱਤੇ ਵਿਚ ਉਹ ਸੁਮੇਰ ਰਾਜਨ ਵਜੋਂ ਜਾਣਿਆ ਜਾਂਦਾ ਹੈ। ਉਹ ਐੱਮਏ (ਪੰਜਾਬੀ) ਬੀਐੱਡ ਪਾਸ ਹੈ। ਦੁਨੀਆ ਦੇ ਬਦਲਦੇ ਰੰਗ ਯਾਨੀ ਕੰਪਿਊਟਰ ਯੁੱਗ ਹੋਣ ਕਰ ਕੇ ਕੰਪਿਊਟਰ ਦਾ ਡਿਪਲੋਮਾ (ਪੀਜੀਡੀਸੀਏ) ਵੀ ਕੀਤਾ ਹੋਇਆ ਹੈ। ਬੀਐੱਡ ਪਾਸ ਹਜ਼ਾਰਾਂ ਨੌਜਵਾਨਾਂ ਵਾਂਗ ਉਸ ਲਈ ਵੀ ਸਰਕਾਰੀ ਨੌਕਰੀ ਦਾ ਅਜੇ ਰਾਹ ਨਹੀਂ ਖੁੱਲ੍ਹਿਆ। ਜ਼ਿੰਦਗੀ ਚਲਾਉਣ ਲਈ ਨਾਭਾ ਦੇ ਨੇੜੇ ਲਲੌਛੀ ਦੇ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦਾ ਹੈ। ਹੌਲੀ-ਹੌਲੀ ਜ਼ਿੰਦਗੀ ਦੀ ਗੱਡੀ ਰਿੜ੍ਹੀ ਜਾ ਰਹੀ ਸੀ ਕੀ ਕਿ ਇਸ ਦੌਰਾਨ ਫੈਲੀ ਕਰੋਨਾ ਮਹਾਮਾਰੀ ਨੇ ਜ਼ਿੰਦਗੀ ਦੀ ਕਿਤਾਬ ਦਾ ਵਰਕਾ ਪਲਟ ਕੇ ਰੱਖ ਦਿੱਤਾ। ਸਕੂਲ ਬੰਦ ਹੋ ਗਏ।

ਸੁਮੇਰ ਸਿੰਘ ਨੂੰ ਘਰ ਦਾ ਖਰਚ ਚਲਾਉਣ ਲਈ ਮਜਬੂਰਨ ਸਬਜ਼ੀ ਵੇਚਣ ਦਾ ਕੰਮ ਕਰਨਾ ਪਿਆ। ਰੇਹੜੀ ਲੈ ਕੇ ਉਹ ਨਾਭਾ ਵਿਖੇ ਸਬਜ਼ੀ, ਤਰਬੂਜ਼, ਨਿੰਬੂ ਵਗੈਰਾ ਵੇਚਦਾ ਹੈ। ਜਦੋਂ ਮਾਪਿਆਂ ਨਾਲ ਬਾਜ਼ਾਰ ਆਉਣ ਵਾਲੇ ਬੱਚੇ ਅਧਿਆਪਕ ਨੂੰ ਸਬਜ਼ੀ ਵੇਚਦਾ ਦੇਖਦੇ ਨੇ ਤਾਂ ਆਪਣੀਆਂ ਮਾਵਾਂ ਨੂੰ ਕਹਿੰਦੇ ਨੇ,''ਮੰਮੀ! ਸਰ ਤੋਂ ਸਬਜ਼ੀ ਲੈ ਲਓ।'' ਇਹ ਸੁਣ ਕੇ ਸੁਮੇਰ ਮਾਯੂਸ ਹੋ ਜਾਂਦਾ ਹੈ।

'ਪੰਜਾਬੀ ਜਾਗਰਣ' ਨਾਲ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਸਬਜ਼ੀ ਵੇਚਣ 'ਚ ਕੋਈ ਦਿੱਕਤ ਨਹੀਂ ਹੈ, ਕੰਮ ਤਾਂ ਕਰਨਾ ਹੀ ਹੈ, ਮਿਹਨਤ ਨਾਲ ਹੀ ਕੁੱਝ ਪੱਲੇ ਪਵੇਗਾ ਪਰ ਬੱਚਿਆਂ ਨੂੰ ਮਾਯੂਸ ਦੇ ਕੇ ਮਨ ਬਹੁਤ ਦੁਖੀ ਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਅਧਿਆਪਕ ਬੱਚਿਆਂ ਦਾ ਆਦਰਸ਼, ਮਾਰਗ ਦਰਸ਼ਕ ਹੁੰਦੇ ਹਨ। ਅਧਿਆਪਕ ਹਮੇਸ਼ਾਂ ਆਪਣੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਦਾ ਹੌਸਲਾ ਦਿੰਦੇ ਤੇ ਬੱਚਿਆ ਦੇ ਉੱਜਲ ਭਵਿੱਖ ਦੀ ਕਾਮਨਾ ਕਰਦੇ ਹਨ ਪਰ ਅਧਿਆਪਕ ਨੂੰ ਮਜ਼ਦੂਰੀ ਕਰਦਾ ਦੇਖ ਬੱਚੇ ਮਾਯੂਸ ਹੋ ਜਾਂਦੇ ਹਨ ਤੇ ਸੋਚਣ ਲੱਗਦੇ ਹਨ ਕਿ ਜੇਕਰ ਅਧਿਆਪਕ ਦੇ ਇਹ ਹਾਲਾਤ ਹਨ ਤਾਂ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ? ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਚੋਟ ਕਰਦਿਆਂ ਉਸ ਨੇ ਕਿਹਾ ਕਿ ਜੇਕਰ ਉਨ੍ਹਾਂ 'ਚ ਯੋਗਤਾ ਨਹੀਂ ਹੈ, ਕਾਬਲ ਨਹੀਂ ਹਨ ਤਾਂ ਯੂਨੀਵਰਸਿਟੀਆਂ, ਕਾਲਜਾਂ ਵੱਲੋਂ ਉਨ੍ਹਾਂ ਨੂੰ ਯੋਗਤਾ ਦੇ ਸਰਟੀਫਿਕੇਟ ਕਿਉਂ ਦਿੱਤੇ ਜਾ ਰਹੇ ਹਨ। ਇਹ ਸਰਟੀਫਿਕੇਟ ਦੇਣੇ ਬੰਦ ਕਰ ਦਿੱਤੇ ਜਾਣ। ਸਰਕਾਰ ਦੀ ਨਾਕਾਮੀਆਂ ਕਾਰਨ ਅੱਜੇ ਪੜ੍ਹੇ ਲਿਖੇ ਨੌਜਵਾਨ ਝੋਨਾ ਲਾਉਣ, ਸਬਜ਼ੀਆਂ ਵੇਚਣ ਨੂੰ ਮਜਬੂਰ ਹੈ। ਉਸ ਦਾ ਕਹਿਣਾ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਪਰਵਾਜ਼ ਵੀ ਮਜਬੂਰੀ ਕਾਰਨ ਕਰ ਰਹੇ ਹਨ। ਨੌਜਵਾਨਾਂ ਨੂੰ ਦੇਸ਼ ਜਾਂ ਪੰਜਾਬ 'ਚ ਆਪਣਾ ਭਵਿੱਖ ਨਜ਼ਰ ਨਹੀਂ ਆਉਂਦਾ।

Posted By: Amita Verma