ਦੀਪਕ ਸ਼ਰਮਾ, ਬਠਿੰਡਾ :ਬਠਿੰਡਾ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਾਢੇ ਚਾਰ ਲੱਖ ਰੁਪਏ ਬਰਾਮਦ ਕੀਤੇ ਹਨ। ਉਕਤ ਵਿਅਕਤੀਆਂ ਨੇ ਯੂਟਿਊਬ ’ਤੇ ਵੀਡਿਓ ਪਾ ਕੇ ਲੋਕਾਂ ਨੁੂੰ ਗੁੰਮਰਾਹ ਕੀਤਾ ਕਿ ਪੁਰਾਣੇ ਰੇਡੀਓ ਅਤੇ ਟੈਲੀਵਿਜਨਾਂ ਦੇ ਸਰਕਟਾਂ ਵਿਚ ਮੌਜੂਦ ਛੋਟੀਆਂ ਟਿਊਬਾਂ ਵਿਚ ਇਕ ਇਹੋ ਜਿਹੀ ਧਾਤੂ ਮੌਜੁੂਦ ਹੈ, ਜਿਸ ਦਾ ਉਪਯੋਗ ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਵਿਚ ਹੁੰਦਾ ਹੈ। ਇਸ ਲਈ ਇਸ ਧਾਤੂ ਦੀ ਵਿਦੇਸ਼ਾਂ ਵਿਚ ਕਾਫ਼ੀ ਮੰਗ ਹੈ। ਉਕਤ ਵਿਅਕਤੀਆਂ ਵਲੋਂ ਪਾਈ ਵੀਡਿਓ ਦੇ ਝਾਂਸੇ ਵਿਚ ਆ ਕੇ ਇਕ ਵਿਅਕਤੀ ਨੇ ਪੰਜ ਲੱਖ ਰੁਪਏ ਵਿਚ ਉਕਤ ਧਾਤੂ ਖਰੀਦਣ ਦਾ ਸੌਦਾ ਕਰ ਲਿਆ ਤੇ ਕਥਿੱਤ ਦੋਸ਼ੀ ਉਕਤ ਵਿਅਕਤੀ ਦੇ ਪੰਜ ਲੱਖ ਰੁਪਏ ਲੈ ਕੇ ਭੱਜ ਗਏ ਪਰ ਪੁਲਿਸ ਦੀ ਮੁਸਤੈਦੀ ਕਾਰਨ ਉਹ ਜਲਦੀ ਹੀ ਫੜ੍ਹੇ ਗਏ। ਕਥਿੱਤ ਦੋਸ਼ੀਆਂ ਦੀ ਪਛਾਣ ਸੁਰਜੀਤ ਸਿੰਘ ਉਰਫ਼ ਭੋਲਾ ਸਿੰਘ ਵਾਸੀ ਬੀੜ ਬਹਿਮਣ ਹਾਲ ਆਬਾਦ ਬਾਬਾ ਫਰੀਦ ਨਗਰ ਅਤੇ ਬਲਰਾਜ ਸਿੰਘ ਵਾਸੀ ਪਿੰਡ ਮੰਡੀਕਲਾਂ ਵਜੋਂ ਹੋਈ ਹੈ। ਪੁਲਿਸ ਨੇ ਉਕਤ ਵਿਅਕਤੀਆਂ ਕੋਲੋਂ ਇਕ ਮੋਟਰਸਾਈਕਲ, ਖੋਹੇ ਹੋਏ ਸਾਢੇ ਚਾਰ ਲੱਖ ਰੁਪਏ ਅਤੇ ਕਥਿੱਤ ਤੌਰ ’ਤੇ ਬਣਾਈ ਗਈ ਰੈਡ ਮਰਕਰੀ ਟਿਊਬ ਬਰਾਮਦ ਕੀਤੀ ਹੈ।

ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਕਪਤਾਨ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸੁਰਜੀਤ ਸਿੰਘ ਵਾਸੀ ਬੀੜ ਬਹਿਮਣ ਨੇ ਸੋਸਲ ਮੀਡੀਆ ’ਤੇ ਰੈਡ ਮਰਕਰੀ ਸਕੈਮ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਲੋਕਾਂ ਨੂੰ ਠੱਗਣ ਦੀ ਵਿਉਂਤਬੰਦੀ ਬਣਾਈ। ਉਕਤ ਵਿਅਕਤੀ ਨੇ ਪੁਰਾਣੇ ਟੈਲੀਵਿਜਨ ਦੀ ਟਿਊਬ ਨੂੰ ਲਾਲ ਰੰਗ ਕਰਕੇ ਉਸ ਵਿਚ ਖੰਘ ਦੀ ਦਵਾਈ ਪਾ ਦਿੱਤੀ ਅਤੇ ਸੋਸਲ ਮੀਡੀਆ ’ਤੇ ਅਫਵਾਹ ਫੈਲਾ ਦਿੱਤੀ ਕਿ ਉਸ ਕੋਲ ਰੈਡ ਮਰਕਰੀ ਨਾਮ ਦੀ ਧਾਤੂ ਵਾਲੀ ਟਿਊਬ ਹੈ, ਜਿਸ ਨੂੰ ਉਹ ਵੇਚਣਾ ਚਾਹੁੰਦਾ ਹੈ। ਇਸ ਦੌਰਾਨ ਉਸ ਦਾ ਸੰਪਰਕ ਬਲਰਾਜ ਸਿੰਘ ਵਾਸੀ ਮੰਡੀਕਲਾਂ ਨਾਲ ਹੋਇਆ। ਉਕਤ ਵਿਅਕਤੀ ਨੇ ਬਲਰਾਜ ਸਿੰਘ ਨਾਲ ਮਿਲ ਕੇ ਸਵਰਾਜ ਸਿੰਘ ਵਾਸੀ ਪਿੰਡ ਭਾਗੂ ਨੂੰ ਆਪਣੇ ਜਾਲ ਵਿਚ ਫਸਾ ਲਿਆ ਅਤੇ ਰੈਡ ਮਰਕਰੀ ਟਿਊਬ ਦੇ ਜਰੀਏ ਮੋਟੀ ਕਮਾਈ ਕਰਨ ਦਾ ਝਾਂਸਾ ਦਿੱਤਾ। ਪੀੜਤ ਵਿਅਕਤੀ ਨੇ ਪੰਜ ਲੱਖ ਰੁਪਏ ਵਿਚ ਟਿਊਬ ਖਰੀਦਣ ਦਾ ਮਨ ਬਣਾ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦ ਸਵਰਾਜ ਸਿੰਘ ਰੁਪਏ ਦੇਣ ਲਈ ਉਕਤ ਵਿਅਕਤੀਆਂ ਨੂੰ ਮਿਲਿਆ ਤਾਂ ਕਥਿੱਤ ਦੋਸ਼ੀ ਉਸ ਕੋਲੋਂ ਰੁਪਏ ਖੋਹ ਕੇ ਫਰਾਰ ਹੋ ਗਏ। ਆਪਣੇ ਨਾਲ ਵੱਜੀ ਠੱਗੀ ਦਾ ਪਤਾ ਚੱਲਦਿਆਂ ਹੀ ਪੀੜਤ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਸ਼ਹਿਰ ਵਿਚ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਥਾਣਾ ਕੈਂਟ ਦੀ ਪੁਲਿਸ ਨੇ ਮੋਟਰਸਾਈਕਲ ਦੀ ਪਛਾਣ ਕਰਦਿਆਂ ਹੋਇਆਂ ਉਸ ਦੇ ਮਾਲਕ ਨੂੰ ਪੁੱਛਗਿੱਛ ਵਿਚ ਸ਼ਾਮਲ ਕੀਤਾ ਤਾਂ ਉਕਤ ਵਿਅਕਤੀ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਸੁਰਜੀਤ ਸਿੰਘ ਮੰਗ ਕੇ ਲੈ ਗਿਆ ਸੀ। ਇਸ ਅਧਾਰ ’ਤੇ ਕਥਿੱਤ ਦੋਸ਼ੀ ਨੁੰ ਗ੍ਰਿਫ਼ਤਾਰ ਕੀਤਾ ਗਿਆ ਤੇ ਪੁੱਛਗਿੱਛ ਦੇ ਅਧਾਰ ’ਤੇ ਉਸ ਦੇ ਸਾਥੇ ਬਲਰਾਜ ਸਿੰਘ ਨੂੰ ਵੀ ਕਾਬੂ ਕਰ ਲਿਆ ਗਿਆ। ਉਕਤ ਵਿਅਕਤੀਆਂ ਕੋਲੋੀ ਸਾਢੇ ਚਾਰ ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ।

Posted By: Tejinder Thind