ਪੱਤਰ ਪ੍ਰੇਰਕ, ਤਲਵੰਡੀ ਸਾਬੋ : ਬੁੱਧਵਾਰ ਨੂੰ ਅਣਪਛਾਤੇ ਕਾਰ ਸਵਾਰ ਲੁਟੇਰਿਆਂ ਨੇ ਤਲਵੰਡੀ ਸਾਬੋ ਵਿਚ ਦਿਨ ਦਿਹਾੜੇ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ 17 ਲੱਖ 85 ਹਜ਼ਾਰ ਰੁਪਏ ਲੁੱਟ ਲਏ। ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾਉਣ ਲਈ ਗੋਲ਼ੀਆਂ ਵੀ ਚਲਾਈਆਂ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਕਾਰ ਸਵਾਰ ਲੁਟੇਰੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਐੱਸਐੱਸਪੀ ਡਾ. ਨਾਨਕ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ 'ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ।

ਲੁੱਟ ਦਾ ਸ਼ਿਕਾਰ ਹੋਏ ਮੁਲਾਜ਼ਮ ਲਖਵੀਰ ਸਿੰਘ ਅਨੁਸਾਰ ਉਹ ਪਿੰਡਾਂ ਦੀਆਂ ਔਰਤਾਂ ਨੂੰ ਲੋਨ ਵਗੈਰਾ ਦਿੰਦੇ ਹਨ ਤੇ ਲੋਨ ਦੀਆਂ ਕਿਸ਼ਤਾਂ ਦੇ ਆਉਣ ਵਾਲੇ ਪੈਸਿਆਂ ਨੂੰ ਉਹ ਰੋਜ਼ਾਨਾ ਬੈਂਕ ਵਿਚ ਜਮ੍ਹਾਂ ਕਰਵਾਉਂਦੇ ਹਨ। ਮੰਗਲਵਾਰ ਨੂੰ ਬੈਂਕ ਵਿਚ ਹੜਤਾਲ ਹੋਣ ਕਾਰਨ ਪੈਸੇ ਜਮਾਂ ਨਹੀਂ ਕਰਵਾ ਸਕੇ ਸਨ ਸੋ ਦੋ ਦਿਨਾਂ 'ਚ ਇਕੱਠੀ ਹੋਈ ਰਕਮ 17 ਲੱਖ 85 ਹਜ਼ਾਰ ਰੁਪਏ ਪੰਜਾਬ ਨੈਸ਼ਨਲ ਬੈਂਕ ਵਿਚ ਜਮ੍ਹਾਂ ਕਰਵਾਉਣ ਮੋਟਰਸਾਈਕਲ 'ਤੇ ਜਾ ਰਿਹਾ ਸੀ।

ਸ਼ਹੀਦ ਭਗਤ ਸਿੰਘ ਨਗਰ ਦੇ ਮੌੜ 'ਤੇ ਇਕ ਸਵਿਫਟ ਕਾਰ ਸਵਾਰਾਂ ਨੇ ਉਨ੍ਹਾਂ ਨੂੰ ਟੱਕਰ ਮਾਰਨ ਦਾ ਯਤਨ ਕੀਤਾ ਜਿਵੇਂ ਹੀ ਉਹ ਮੋਟਰਸਾਈਕਲ ਤੋਂ ਡਿੱਗਿਆ ਤਾਂ ਕਾਰ ਵਿਚੋਂ ਨਿਕਲੇ ਇਕ ਨਕਾਬਪੋਸ਼ ਨੇ ਪਿਸਤੌਲ ਨਾਲ ਫਾਇਰਿੰਗ ਕਰਦਿਆਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਨੱਤ ਪਿੰਡ ਵੱਲ ਨੂੰ ਫਰਾਰ ਹੋ ਗਿਆ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਪੁਲਿਸ ਹਰ ਪਹਿਲੂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਲੁਟੇਰੇ ਫੜ ਲਏ ਜਾਣਗੇ।