ਗੁਰਤੇਜ ਸਿੰਘ ਸਿੱਧੂ, ਬਠਿੰਡਾ : ਇਕ ਹਫ਼ਤੇ ਤੋਂ ਬਿਜਲੀ ਸਪਲਾਈ ਦੀ ਸਮੱਸਿਆ ਤੋਂ ਪੇ੍ਸ਼ਾਨ ਸੁਸ਼ਾਂਤ ਸਿਟੀ-1 ਦੇ ਲੋਕਾਂ ਨੂੰ ਆਖਰਕਾਰ ਸੜਕਾਂ 'ਤੇ ਉਤਰਨਾ ਪਿਆ। ਸੁਸ਼ਾਂਤ ਸਿਟੀ-1 ਦੇ ਲੋਕਾਂ ਨੇ ਸੜਕ 'ਤੇ ਜਾਮ ਲਗਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੋਸ਼ ਲਾਇਆ ਕਿ ਕਲੋਨੀ ਦੇ ਲੋਕ ਪਿਛਲੇ ਇਕ ਹਫ਼ਤੇ ਤੋਂ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵੀਰਵਾਰ ਰਾਤ ਨੂੰ ਵੀ ਬਿਜਲੀ ਬੰਦ ਰਹੀ। ਇਸ ਤੋਂ ਪਹਿਲਾਂ ਵੀ ਲਗਾਤਾਰ ਕਈ-ਕਈ ਦਿਨ ਰਾਤ ਨੂੰ ਬਿਜਲੀ ਬੰਦ ਰਹਿੰਦੀ ਹੈ ਜਾਂ ਇਕ-ਦੋ ਘੰਟੇ ਹੀ ਆਉਂਦੀ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾ ਤਾਂ ਪਾਵਰਕਾਮ ਅਤੇ ਨਾ ਹੀ ਪ੍ਰਸ਼ਾਸ਼ਨ ਇਸ ਪਾਸੇ ਧਿਆਨ ਦੇ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕੜਾਕੇ ਦੀ ਗਰਮੀ ਵਿਚ ਪੇ੍ਸ਼ਾਨੀ ਝੱਲਣੀ ਪੈ ਰਹੀ ਹੈ। ਸੁਸ਼ਾਤ ਸਿਟੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਜਦੀਪ ਸਿੰਘ ਕਾਲਾ ਨੇ ਕਿਹਾ ਕਿ ਇਸ ਗਰਮੀ ਵਿਚ ਬਿਜਲੀ ਗੁੱਲ ਹੋਣ ਕਾਰਨ ਹਰ ਕੋਈ ਚਿੰਤਤ ਹੈ। ਸੁਣਵਾਈ ਨਾ ਹੋਣ ਕਾਰਨ ਅੱਜ ਉਨਾਂ੍ਹ ਨੂੰ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਸੁਖਪਾਲ ਸ਼ਰਮਾ ਨੇ ਕਿਹਾ ਕਿ ਲੋਕ ਸਾਰਾ ਦਿਨ ਮਿਹਨਤ ਕਰਕੇ ਹਾਰੇ ਥੱਕੇ ਘਰਾਂ ਨੂੰ ਆਉਂਦੇ ਹਨ ਪਰ ਬਿਜਲੀ ਨਾ ਹੋਣ ਕਾਰਨ ਰਾਤ ਨੂੰ ਵੀ ਆਰਾਮ ਨਹੀਂ ਕਰ ਪਾਉਂਦੇ। ਸੁਖਚੈਨ ਸਿੰਘ ਨੇ ਦੱਸਿਆ ਕਿ 1912 ਹੈਲਪਲਾਈਨ 'ਤੇ ਕਿੰਨੀ ਵਾਰ ਸ਼ਿਕਾਇਤ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਅਦਿੱਤਿਆ ਸ਼ੁਕਲਾ ਨੇ ਕਿਹਾ ਕਿ ਭਾਵੇਂ ਸਾਰੀ ਸ਼ਹਿਰੀ ਸਪਲਾਈ ਕਲੋਨੀ ਵਿਚ ਆਉਂਦੀ ਹੈ ਪਰ ਪਿੰਡਾਂ ਨਾਲੋਂ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਹਾਕਮ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੇ ਸਥਾਨਕ ਅਧਿਕਾਰੀਆਂ ਨੂੰ ਕਈ ਵਾਰ ਦੱਸਿਆ ਗਿਆ ਪਰ ਕਿਸੇ ਨੇ ਵੀ ਉਨਾਂ੍ਹ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਹਰਪ੍ਰਰੀਤ ਸਿੰਘ ਸੋਨੀ ਨੇ ਦੱਸਿਆ ਕਿ ਉਨਾਂ੍ਹ ਵੱਲੋਂ 1912 'ਤੇ ਸ਼ਿਕਾਇਤ ਕੀਤੀ ਗਈ ਸੀ। ਉਸ ਦਾ ਸ਼ਿਕਾਇਤ ਨੰਬਰ 49933229 ਹੈ। ਪਰ ਇਸ ਦੀ ਵੀ ਕੋਈ ਸੁਣਵਾਈ ਨਹੀਂ ਹੋਈ। ਇੰਦਰਜੀਤ ਸਿੰਘ ਨੇ ਦੱਸਿਆ ਕਿ ਕਲੋਨੀ ਦੇ ਲਗਭਗ ਸਾਰੇ ਲੋਕਾਂ ਨੇ 1912 ਨੂੰ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਪਾਵਰਕਾਮ ਦੇ ਅਧਿਕਾਰੀਆਂ 'ਤੇ ਕੋਈ ਅਸਰ ਨਹੀਂ ਹੋਇਆ। ਪਾਵਰਕਾਮ ਦੇ ਚੀਫ਼ ਇੰਜਨੀਅਰ ਹਰਪ੍ਰਵੀਨ ਸਿੰਘ ਬਿੰਦਰਾ ਨੇ ਕਿਹਾ ਕਿ ਉਹ ਸਬੰਧਤ ਐਕਸੀਅਨ ਕੋਲੋਂ ਪੁੱਛ ਰਹੇ ਹਨ ਅਤੇ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇਗਾ।