ਗੁਰਤੇਜ ਸਿੱਧੂ, ਬਠਿੰਡਾ : ਸ਼ਨਿਚਰਵਾਰ ਨੂੰ ਬਠਿੰਡਾ ਜ਼ਿਲ੍ਹੇ ਅੰਦਰ ਹੋਈ ਹਲਕੀ ਬਾਰਸ਼ ਕਾਰਨ ਤਾਪਮਾਨ 'ਚ ਗਿਰਾਵਟ ਆ ਗਈ ਜਿਸ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਦੂਜੇ ਪਾਸੇ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੀ ਬੀਜੀ ਨਰਮੇ ਦੀ ਫ਼ਸਲ ਕਰੰਡ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਬਿਜਲੀ ਅੰਦਰ ਪਏ ਹਲਕੇ ਮੀਂਹ ਕਾਰਨ ਸੰਗਤ ਮੰਡੀ ਅਤੇ ਤਲਵੰਡੀ ਖੇਤਰ ਅੰਦਰ ਕੁਝ ਕਿਸਾਨਾਂ ਦੀ ਬੀਜੀ ਨਰਮੇ ਦੀ ਫਸਲ ਕਰੰਡ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਸ਼ਨਿਚਰਵਾਰ ਨੂੰ ਪਹਿਲਾਂ ਤੇਜ਼ ਹਵਾਵਾਂ ਚੱਲੀਆਂ ਜਿਸ ਤੋਂ ਬਾਅਦ ਹਲਕਾ ਮੀਂਹ ਸ਼ੁਰੂ ਹੋ ਗਿਆ। ਕਰੀਬ 20-25 ਮਿੰਟ ਹਲਕਾ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰਹ ਜ਼ਿਲੇ ਅੰਦਰ ਤਿੰਨ ਐਮਐਮ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਵੀ ਜ਼ਿਲ੍ਹੇ ਅੰਦਰ ਦੋ ਐਮਐਮ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ। ਜੇਕਰ ਜ਼ਿਆਦਾ ਮੀਂਹ ਪੈ ਜਾਂਦਾ ਹੈ ਤਾਂ ਨਰਮੇ ਦੀ ਫ਼ਸਲ ਦੀ ਦੁਬਾਰਾ ਬਿਜਾਈ ਕਿਸਾਨਾਂ ਨੂੰ ਕਰਨੀ ਪੈ ਸਕਦੀ ਹੈ।

Posted By: Seema Anand