ਪੱਤਰ ਪੇ੍ਰਰਕ, ਨਥਾਣਾ

ਦਿਹਾਤੀ ਮਜ਼ਦੂਰ ਸਭਾ ਦੇ ਜਾਗਰੂਕਤਾ ਮਾਰਚ ਵਾਲੇ ਕਾਫ਼ਲੇ ਦਾ ਨਥਾਣਾ ਦੇ ਬੱਸ ਸਟੈਂਡ 'ਤੇ ਕਿਰਤੀ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾ ਪ੍ਰਧਾਨ ਦਰਸ਼ਨ ਨਾਹਰ ਤੇ ਜਰਨਲ ਸਕੱਤਰ ਗੁਰਨਾਮ ਸਿੰਘ ਦਾਊਦ ਦੀ ਅਗਵਾਈ 'ਚ ਸੂਬੇ ਦੇ ਸਾਰੇ ਜ਼ਿਲਿ੍ਹਆਂ ਦਾ ਦੌਰਾ ਕਰਨ ਤਹਿਤ ਮਜ਼ਦੂਰਾਂ ਦਾ ਇਹ ਵੱਡਾ ਕਾਫ਼ਲਾ ਸਿਵੀਆਂ, ਗੋਨਿਆਣਾ ਤੇ ਹੋਰਾਂ ਪਿੰਡਾਂ ਵਿਚੋਂ ਦੀ ਅੱਜ ਬਲਾਕ ਨਥਾਣਾ ਦੇ ਪਿੰਡਾਂ 'ਚ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਜਾਗਰੂਕ ਕਰਨ ਲਈ ਆਇਆ। ਨਥਾਣਾ ਦੇ ਪੜਾਅ ਦੌਰਾਨ ਜਥੇਬੰਦੀ ਦੇ ਸਕੱਤਰ ਸਾਥੀ ਮਹੀਪਾਲ, ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਤੇਜ ਸਿੰਘ ਹਰੀ ਨੌ, ਬੀਬੀ ਦਰਸ਼ਨਾ ਜੋਸ਼ੀ ਤੇ ਮਲਕੀਤ ਸਿੰਘ ਮਹਿਮਾ ਸਰਜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਹਾਕਮਾਂ ਦੀ ਹਰ ਕਿਸਮ ਦੀ ਲੁੱਟ ਜ਼ਬਰ ਤੇ ਵਿਤਕਰੇ ਖਿਲਾਫ ਪੇਂਡੂ ਕਿਰਤੀਆਂ ਦੀਆਂ ਲੋੜਾਂ ਮੰਗਾਂ ਪੂਰੀਆਂ ਕਰਵਾਉਣ ਲਈ ਜਥੇਬੰਦੀ ਵਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ, ਜਿਸ ਲਈ 30 ਦਸੰਬਰ ਨੂੰ ਬਠਿੰਡਾ ਵਿਖੇ ਮਾਲਵਾ ਜੋਨ ਦੀ ਰੈਲੀ ਕੀਤੀ ਜਾਵੇਗੀ। ਜਾਗਰੂਕਤਾ ਮਾਰਚ ਨੂੰ ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਕੂਕਾ ਸਿੰਘ ਨਥਾਣਾ, ਸਿੰਦਰ ਕੌਰ ਨੇਹੀਆਂਵਾਲਾ, ਮੱਖਣ ਸਿੰਘ ਪੂਹਲੀ, ਅਮਰੀਕ ਸਿੰਘ ਤੁੰਗਵਾਲੀ, ਬਲਦੇਵ ਸਿੰਘ ਪੂਹਲੀ ਅਤੇ ਰਾਜਾ ਸਿੰਘ ਸਿਵੀਆ ਨੇ ਸੰਬੋਧਨ ਕੀਤਾ।