ਬਠਿੰਡਾ : ਜਬਰ-ਜਨਾਹ ਦਾ ਸ਼ਿਕਾਰ ਹੋਈ ਲੜਕੀ ਨੇ ਅੱਜ ਇਕ ਬੱਚੇ ਨੂੰ ਜਨਮ ਦਿੱਤਾ ਹੈ। ਜੱਚਾ-ਬੱਚਾ ਦੋਵੇਂ ਤੰਦਰੁਸਤ ਦੱਸੇ ਜਾ ਰਹੇ ਹਨ। ਲੜਕੀ ਨੂੰ ਜਬਰ ਜਨਾਹ ਦਾ ਸ਼ਿਕਾਰ ਬਣਾਉਣ ਵਾਲੇ ਦੋਵਾਂ ਕਥਿਤ ਦੋਸ਼ੀਆਂ 'ਚੋਂ ਬੱਚਾ ਕਿਸ ਦਾ ਹੈ ਇਹ ਪਤਾ ਕਰਨ ਲਈ ਡੀਐੱਨਏ ਟੈਸਟ ਕਰਵਾਇਆ ਜਾਣਾ ਹੈ। ਪੁਲਿਸ ਬੁੱਧਵਾਰ ਨੂੰ ਅਦਾਲਤ ਵਿਚ ਜਗਜੀਤ ਸਿੰਘ ਪਟਵਾਰੀ ਤੇ ਜੱਗਾ ਸਿੰਘ ਵੈਰੋਕੇ ਦਾ ਡੀਐੱਨਏ ਟੈਸਟ ਕਰਵਾਉਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕਰੇਗੀ। ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਦੋਵਾਂ ਨੂੰ ਜੇਲ੍ਹ 'ਚੋਂ ਲਿਆਂਦਾ ਜਾਵੇਗਾ। ਜਾਣਕਾਰੀ ਅਨੁਸਾਰ ਪਿੰਡ ਲਹਿਰਾ ਬੇਗਾ ਦੀ ਰਹਿਣ ਵਾਲੀ ਉਕਤ 19 ਸਾਲਾਂ ਲੜਕੀ ਨਾਲ ਜਗਜੀਤ ਸਿੰਘ ਜੱਗਾ ਪਟਵਾਰੀ ਤੇ ਜੱਗਾ ਸਿੰਘ ਵੈਰੋਕੇ ਲੰਨਾ ਸਮਾਂ ਜਬਰ ਜਨਾਹ ਕਰਦੇ ਆ ਰਹੇ ਸਨ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਲੜਕੀ ਦੇ ਪਿਤਾ ਮੰਗਾ ਸਿੰਘ ਵਾਸੀ ਲਹਿਰਾ ਬੇਗਾ ਦਾ ਉਕਤ ਵਿਅਕਤੀਆਂ ਨੇ ਕਤਲ ਕਰ ਦਿੱਤਾ। ਲੜਕੀ ਦੀ ਮਾਤਾ ਪਹਿਲਾਂ ਕਿਸੇ ਹੋਰ ਜਗ੍ਹਾ ਵਿਆਹੀ ਹੋਈ ਸੀ ਜਿਸ ਦੀ ਕੁੱਖੋਂ ਉਸ ਦੀ ਉਕਤ ਲੜਕੀ ਨੇ ਜਨਮ ਲਿਆ ਸੀ। ਇਸ ਤੋਂ ਬਾਅਦ ਉਕਤ ਔਰਤ ਨੇ ਪਿੰਡ ਲਹਿਰਾ ਬੇਗਾ ਦੇ ਇਕ ਗੂੰਗੇ ਬੋਲੇ ਵਿਅਕਤੀ ਮੰਗਾ ਸਿੰਘ ਨਾਲ ਵਿਆਹ ਕਰ ਲਿਆ। ਗੂੰਗੇ-ਬੋਲੇ ਦੋਵੇਂ ਭਰਾਵਾਂ ਕੋਲ ਚੱਗੀ ਖ਼ਾਸੀ ਜਾਇਦਾਦ ਸੀ ਜਿਸ ਕਾਰਨ ਹੀ ਉਨ੍ਹਾਂ ਦਾ ਦੂਰ ਦਾ ਰਿਸ਼ਤੇਦਾਰ ਜੱਗਾ ਸਿੰਘ ਵੈਰੋਕੇ ਉਨ੍ਹਾਂ ਘਰ ਰਹਿਣ ਲੱਗ ਪਿਆ। ਉਕਤ ਪਰਿਵਾਰ ਦੀ ਕੁੱਝ ਜ਼ਮੀਨ ਨਵੀਂ ਬਣਨ ਵਾਲੀ ਭੁੱਚੋ ਮੰਡੀ ਦੀ ਦਾਣਾ ਮੰਡੀ 'ਚ ਆ ਗਈ ਜਿਸ ਤੋਂ ਬਾਅਦ ਜੱਗਾ ਸਿੰਘ ਵੈਰੋਕੇ ਤੇ ਪਟਵਾਰੀ ਜਗਜੀਤ ਸਿੰਘ ਨੇ ਜਾਇਦਾਦ ਹੜੱਪਣ ਲਈ ਯੋਜਨਾ ਤਿਆਰ ਕੀਤੀ। ਇਸ ਤੋਂ ਇਲਾਵਾ ਉਕਤ ਵਿਅਕਤੀ ਜੱਗਾ ਸਿੰਘ ਵੈਰੋਕੇ ਦੇ ਘਰ ਰਹਿਣਣਿ ਦਾ ਵਰੋਧ ਕਰਦਾ ਸੀ। ਆਪਣੇ ਰਾਹ 'ਚੋਂ ਰੋੜਾ ਹਟਾਉਣ ਲਈ ਉਕਤ ਲੋਕਾਂ ਨੇ ਮੰਗਾ ਸਿੰਘ ਦੀ ਹੱਤਆਿ ਕਰ ਦਿੱਤੀ।

ਇਸੇ ਦੌਰਾਨ ਹੀ ਜਗਜੀਤ ਸਿੰਘ ਜੱਗਾ ਪਟਵਾਰੀ ਤੇ ਜੱਗਾ ਸਿੰਘ ਵੈਰੋਕੇ ਲੰਮੇ ਸਮੇਂ ਤੋਂ ਲੜਕੀ ਨਾਲ ਜਬਰ ਜਨਾਹ ਕਰਦੇ ਰਹੇ ਪਰ ਲੜਕੀ ਡਰ ਦੀ ਮਾਰੀ ਚੁੱਪ ਰਹੀ। ਇਸ ਦੌਰਾਨ ਲੜਕੀ ਅੱਠ ਮਹੀਨਿਆਂ ਦੀ ਗਰਭਵਤੀ ਹੋ ਗਈ। ਜਦੋਂ ਲੜਕੀ ਦੇ ਮਤਰੇਏ ਪਿਤਾ ਦਾ ਕਤਲ ਹੋ ਗਿਆ ਤੇ ਪੁਲਿਸ ਨੇ ਇਸ ਮਾਮਲੇ 'ਚ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਲੜਕੀ ਵਿਚ ਕੁਝ ਹੌਸਲਾ ਪੈਦਾ ਹੋਇਆ। ਲੜਕੀ ਨੇ 16 ਜਨਵਰੀ 2019 ਨੂੰ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਪੁਲਿਸ ਕੋਲ ਕੀਤੀ, ਜਿਸ ਤੋਂ ਬਾਅਦ ਜਗਜੀਤ ਸਿੰਘ ਪਟਵਾਰੀ, ਉਸ ਦੀ ਪਤਨੀ ਸਰਬਜੀਤ ਕੌਰ ਤੇ ਜੱਗਾ ਸਿੰਘ ਵੈਰੋਕੇ ਖ਼ਿਲਾਫ਼ ਕੇਸ ਦਰਜ ਹੋਇਆ। ਹੁਣ ਲੜਕੀ ਨੇ ਸਿਵਲ ਹਸਪਤਾਲ 'ਚ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਹੈ।

ਬੁੱਧਵਾਰ ਨੂੰ ਕਰਵਾਇਆ ਜਾਵੇਗਾ ਦੋਸ਼ੀਆਂ ਦਾ ਡੀਐੱਨਏ ਟੈਸਟ

ਭੁੱਚੋ ਪੁਲਿਸ ਚੌਕੀ ਦੇ ਇੰਚਾਰਜ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਬੱਚੇ ਦੇ ਪਿਤਾ ਦਾ ਪਤਾ ਕਰਨ ਲਈ ਕਥਿਤ ਦੋਸ਼ੀਆਂ ਜਗਜੀਤ ਸਿੰਘ ਪਟਵਾਰੀ ਤੇ ਜੱਗਾ ਸਿੰਘ ਵੈਰੋਕੇ ਦਾ ਡੀਐੱਨਏ ਟੈਸਟ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਉਹ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਡੀਐੱਨਏ ਟੈਸਟ ਕਰਵਾਉਣ ਦੀ ਮੰਗ ਕਰਨਗੇ। ਅਦਾਲਤ ਦੀ ਮਨਜ਼ੂਰੀ ਮਿਲਣ ਬਾਅਦ ਦੋਵਾਂ ਨੂੰ ਕੇਂਦਰੀ ਜੇਲ੍ਹ 'ਚੋਂ ਲਿਆ ਕੇ ਡੀਐੱਨਏ ਕਰਵਾਇਆ ਜਾਵੇਗਾ।

Posted By: Jaskamal