ਦੀਪਕ ਸ਼ਰਮਾ, ਬਠਿੰਡਾ : ਜਬਰ ਜਨਾਹ ਦੀ ਪੀੜਤ 16 ਸਾਲਾ ਨਾਬਾਲਗ ਕੁੜੀ ਅੱਠ ਮਹੀਨਿਆਂ ਦੀ ਗਰਭਵਤੀ ਹੈ। ਇਸ ਘਟਨਾ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਪੀੜਤ ਲੜਕੀ ਦੇ ਪੇਟ 'ਚ ਅਚਾਨਕ ਦਰਦ ਹੋਣ ਲੱਗ ਪਿਆ। ਹਸਪਤਾਲ ਚੈਕਅੱਪ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਦੇ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ ਹੈ।

ਕਰੀਬ ਨੌਂ ਮਹੀਨੇ ਪਹਿਲਾਂ ਘਰੋਂ ਪਾਣੀ ਲੈਣ ਗਈ ਨਾਬਾਲਗ ਲੜਕੀ ਨਾਲ ਗੁਆਂਢ 'ਚ ਰਹਿੰਦੇ ਨੌਜਵਾਨ ਨੇ ਜਬਰ ਜਨਾਹ ਕੀਤਾ ਸੀ ਪਰ ਕੁੜੀ ਨੇ ਡਰ ਦੇ ਮਾਰੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਸਿਵਲ ਹਸਪਤਾਲ ਬਠਿੰਡਾ ਦੇ ਜੱਚਾ ਬੱਚਾ ਵਾਰਡ 'ਚ ਦਾਖਲ ਸੋਲਾਂ ਸਾਲਾ ਨਾਬਾਲਗ ਲੜਕੀ ਨੇ ਦੱਸਿਆ ਕਿ ਉਸ ਦੇ ਗੁਆਂਢ 'ਚ ਰਹਿਣ ਵਾਲਾ ਸੰਜੇ ਨਾਂ ਦਾ ਲੜਕਾ ਉਸ ਨੂੰ ਜ਼ਬਰਦਸਤੀ ਜੰਗਲ 'ਚ ਲੈ ਗਿਆ। ਉੱਥੇ ਉਸ ਨੇ ਡਰਾ ਧਮਕਾ ਕੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤ ਲੜਕੀ ਨੇ ਦੱਸਿਆ ਕਿ ਉਕਤ ਲੜਕੇ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਕਾਰਨ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ।

ਉਕਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਹੈ। ਇਸ ਲਈ ਉਹ ਮਜ਼ਦੂਰੀ ਕਰ ਕੇ ਆਪਣੇ ਬੱਚਿਆਂ ਦਾ ਪੇਟ ਪਾਲ਼ਦੀ ਹੈ। ਮਜ਼ਦੂਰੀ ਕਰਨ ਲਈ ਉਸ ਨੂੰ ਅਕਸਰ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ, ਜਿਸ ਕਾਰਨ ਉਸ ਨੂੰ ਆਪਣੀ ਲੜਕੀ ਦੇ ਬਿਮਾਰ ਹੋਣ ਬਾਰੇ ਪਤਾ ਨਹੀਂ ਚੱਲਿਆ।

ਇਸ ਸਬੰਧੀ ਜੱਚਾ ਬੱਚਾ ਹਸਪਤਾਲ ਦੇ ਐਸਐੱਮਓ ਡਾਕਟਰ ਐਸਐਸ ਗਿੱਲ ਨੇ ਦੱਸਿਆ ਕਿ ਲੜਕੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਰੁੱਕਾ ਵੀ ਭੇਜ ਦਿੱਤਾ ਗਿਆ ਹੈ। ਥਾਣਾ ਥਰਮਲ ਦੇ ਐਸਐਚਓ ਕੇਸੀ ਪਰਾਸ਼ਰ ਨੇ ਦੱਸਿਆ ਕਿ ਲੜਕੀ ਨਾਲ ਜਬਰ ਜਨਾਹ ਸਬੰਧੀ ਕੋਈ ਵੀ ਇਤਲਾਹ ਅਜੇ ਪੁਲਿਸ ਨੂੰ ਨਹੀਂ ਮਿਲੀ ਹੈ। ਜਦ ਵੀ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਮਿਲੇਗੀ ਤਾਂ ਕਥਿਤ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Posted By: Seema Anand