ਮਨਪ੍ਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਨਜਦੀਕੀ ਪਿੰਡ ਰਾਮਪੁਰਾ ਵਿਖੇ ਪੰਚਾਇਤੀ ਜ਼ਮੀਨ `ਤੇ ਚੱਲ ਰਹੇ ਲੱਖਾਂ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕੁਝ ਪ੍ਰਾਈਵੇਟ ਵਿਅਕਤੀਆਂ ਵਲੋਂ ਰੇਲਵੇ ਲਾਈਨ ਵਿਚ ਪਾਉਣ ਵਾਲਾ ਪੱਥਰ ਸੁੱਟ ਕੇ ਰੇਲਵੇ ਵਿਭਾਗ ਤੋਂ ਉਸ ਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ ਅਤੇ ਪਿੰਡ ਦੀ ਪੰਚਾਇਤ ਨੂੰ ਚੂਨਾ ਲਗਾਇਆ ਜਾ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਮਾ. ਸੁਖਦੇਵ ਸਿੰਘ ਜਵੰਦਾ ਰਾਮਪੁਰਾ ਨੇ ਦੱਸਿਆ ਕਿ ਲਹਿਰਾ ਧੂਰਕੋਟ ਪਿੰਡ ਦੀ ਜ਼ਮੀਨ ਨਾਲ ਉਨ੍ਹਾਂ ਦੇ ਪਿੰਡ ਰਾਮਪੁਰਾ ਦੀ ਸਰਕਾਰੀ ਜ਼ਮੀਨ ਦਾ ਟੱਕ ਵੀ ਲਗਦਾ ਹੈ ਜੋ ਕਿ ਜਵਾਹਰ ਨਗਰ ਦੀ ਬੈਕਸਾਈਡ ਹੈ ਅਤੇ ਇਸ ਟੱਕ ਦੇ ਵਿਚਕਾਰ ਦੀ ਰੇਲਵੇ ਲਾਈਨ ਵੀ ਲੰਘਦੀ ਹੈ।

ਲਹਿਰਾ ਧੂਰਕੋਟ ਦੇ ਇਕ ਵਿਅਕਤੀ ਧਰਮ ਸਿੰਘ ਦੀ ਜ਼ਮੀਨ ਉਸ ਟੱਕ ਦੇ ਨਾਲ ਲਗਦੀ ਹੈ ਅਤੇ ਉਸ ਵਲੋਂ ਆਪਣੀ ਜ਼ਮੀਨ `ਤੇ ਕੰਧ ਵੀ ਕੱਢੀ ਹੋਈ ਹੈ। ਉਕਤ ਵਿਅਕਤੀ ਧਰਮ ਸਿੰਘ ਨੇ ਰੇਲਵੇ ਵਿਭਾਗ ਨਾਲ ਲਾਈਨ ਪਾਉਣ ਲਈ ਆਪਣਾ ਪੱਥਰ ਵੇਚਣ ਦਾ ਐਗਰੀਮੈਂਟ ਕੀਤਾ ਹੋਇਆ ਹੈ ਅਤੇ ਇਸ ਐਗਰੀਮੈਂਟ ਅਨੁਸਾਰ ਜਿਨ੍ਹੀਂ ਜਗ੍ਹਾ `ਤੇ ਪੱਥਰ ਰੱਖਿਆ ਹੈ ਉਸ ਦਾ ਕਿਰਾਇਆ ਵੀ ਰੇਲਵੇ ਵਿਭਾਗ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੇ ਜਿਥੇ ਆਪਣੀ ਜ਼ਮੀਨ `ਤੇ ਪੱਥਰ ਰੱਖਿਆ ਹੋਇਆ ਹੈ ਉਥੇ ਜਿਆਦਾ ਕਿਰਾਇਆ ਲੈਣ ਦੇ ਲਾਲਚ ਵਿਚ ਕੰਧ ਦੇ ਦੂਜੇ ਪਾਸੇ ਰਾਮਪੁਰਾ ਪਿੰਡ ਦੀ ਸਰਕਾਰੀ ਜਮੀਨ `ਤੇ ਵੀ ਵੱਡੀ ਮਾਤਰਾ `ਚ ਪੱਥਰ ਸੁੱਟ ਰੱਖਿਆ ਹੈ।

ਮਾ. ਜਵੰਦਾ ਨੇ ਕਿਹਾ ਕਿ ਉਕਤ ਵਿਅਕਤੀ ਵਲੋਂ ਨਾ ਤਾਂ ਸਰਕਾਰੀ ਜਮੀਨ ਠੇਕੇ `ਤੇ ਲਈ ਗਈ ਹੈ ਅਤੇ ਨਾ ਹੀ ਉਸ ਵੱਲੋਂ ਪੰਚਾਇਤ ਨੂੰ ਕੋਈ ਫੀਸ ਭਰੀ ਗਈ ਹੈ ਜਦ ਕਿ ਪਿੰਡ ਰਾਮਪੁਰਾ ਦੇ ਕੁਝ ਸਿਆਸੀ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਪਿੰਡ ਵਾਸੀਆਂ ਨੂੰ ਧੋਖੇ ਵਿਚ ਰੱਖ ਕੇ ਲੱਖਾਂ ਰੁਪਏ ਕਮਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਬੀਡੀਪੀਓ ਰਾਮਪੁਰਾ ਨੂੰ ਉਕਤ ਵਿਅਕਤੀ ਖਿਲਾਫ ਸਰਕਾਰੀ ਜ਼ਮੀਨ `ਤੇ ਨਜਾਇਜ ਕਬਜਾ ਤੇ ਧੋਖਾਧੜੀ ਕਰਨ ਸਬੰਧੀ ਕਾਰਵਾਈ ਕਰਨ ਲਈ ਕੁਝ ਦਿਨ ਦਾ ਅਲਟੀਮੇਟਮ ਦਿੱਤਾ ਹੈ ਅਤੇ ਜੇਕਰ ਬੀਡੀਪੀਓ ਉਕਤ ਵਿਅਕਤੀ ਤੋਂ ਸਰਕਾਰੀ ਜਮੀਨ ਤੋਂ ਕਮਾਏ ਲੱਖਾਂ ਰੁਪਏ ਪੰਚਾਇਤ ਖਾਤੇ ਵਿਚ ਭਰਵਾਉਣ ਦੇ ਨਾਲ ਨਾਲ ਕਾਨੂੰਨੀ ਕਾਰਵਾਈ ਨਹੀਂ ਕਰਵਾਉਂਦਾ ਤਾਂ ਬੀਡੀਪੀਓ ਦਫਤਰ ਦਾ ਘਿਰਾਉ ਕੀਤਾ ਜਾਵੇਗਾ।

ਕੀ ਕਹਿੰਦੇ ਨੇ ਬੀਡੀਪੀਓ:

ਇਸ ਬਾਰੇ ਬੀਡੀਪੀਓ ਰਾਮਪੁਰਾ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਨਾਜਾਇਜ ਕਬਜ਼ੇ ਸਬੰਧੀ ਉਨ੍ਹਾਂ ਸਬੰਧਤ ਵਿਅਕਤੀ ਨੂੰ ਨੋਟਿਸ ਵੀ ਕੱਢਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਧਰਮ ਸਿੰਘ ਨੇ ਉਕਤ ਦੋਸ਼ਾਂ ਨੂੰ ਗਲਤ ਦੱਸਿਆ ਹੈ।

Posted By: Jagjit Singh