ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਦੇਸ਼ ਨੂੰ ਲਾਕਡਾਊਨ ਕਰਨ ਕਰ ਕੇ ਪੰਜਾਬ ਦੇ ਹਜ਼ਾਰਾਂ ਟਰੱਕ ਚਾਲਕ ਹੋਰਨਾਂ ਸੂਬਿਆਂ ਵਿਚ ਫਸੇ ਹੋਏ ਹਨ। ਉਕਤ ਟਰੱਕ ਚਾਲਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਵਿਚ ਰਹਿ ਸਕਣ।

ਅਜਿਹੇ ਟਰੱਕ ਅਤੇ ਟਰਾਲਾ ਚਾਲਕ ਪੱਛਮੀ ਬੰਗਾਲ, ਗੁਜਰਾਤ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਵਿਚ ਫਸੇ ਹੋਏ ਹਨ ਅਤੇ ਉਹ ਢਾਬਿਆਂ 'ਤੇ ਰਾਤਾਂ ਬਿਤਾਉਣ ਲਈ ਮਜਬੂਰ ਹਨ। ਅਜਿਹੇ ਟਰੱਕ ਚਾਲਕਾਂ ਨੇ ਦੱਸਿਆ ਕਿ ਉਹ ਬੜੇ ਮੁਸ਼ਕਲ ਹਾਲਾਤ ਵਿਚ ਗੁਜਾਰਾ ਕਰ ਰਹੇ ਹਨ। ਪੱਛਮੀ ਬੰਗਾਲ 'ਚ ਫਸੇ ਹੋਏ ਟਰੱਕ ਚਾਲਕਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰ ਕੇ ਦੱਸਿਆ ਹੈ ਕਿ ਇੱਥੇ ਇਕ ਛੋਟੇ ਜਿਹੇ ਢਾਬੇ 'ਤੇ ਪੰਜਾਬ ਦੇ ਕਰੀਬ ਡੇਢ ਸੌ ਚਾਲਕ ਤੇ ਕਲੀਨਰ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜਿਸ ਢਾਬੇ 'ਤੇ ਉਹ ਰੁਕੇ ਹੋਏ ਹਨ, ਉਥੇ ਇਕੋ ਹੀ ਪਖਾਨਾ ਹੈ, ਜਿਸ ਦੀ ਵਰਤੋਂ ਸਾਰੇ ਟਰੱਕ ਚਾਲਕ ਤੇ ਕਲੀਨਰ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਕੇਂਦਰ ਸਰਕਾਰ ਨੇ ਦੱਸ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾਈ ਹੋਈ ਹੈ ਪਰ ਉਹ ਡੇਢ ਸੌ ਦੇ ਕਰੀਬ ਪੰਜਾਬੀ ਟਰੱਕ ਚਾਲਕ ਤੇ ਕਲੀਨਰ ਢਾਬਿਆਂ ਉੱਪਰ ਰਹਿਣ ਲਈ ਮਜਬੂਰ ਹਨ। ਟਰੱਕ ਚਾਲਕਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਉਹ ਆਪਣੇ ਦੋ ਟਰੱਕਾਂ ਵਿਚ ਸਵਾਰ ਹੋ ਕੇ ਪੰਜਾਬ ਆ ਜਾਣਗੇ।

ਇਕੋ ਜਗ੍ਹਾ 20 ਜਣੇ ਰਹਿਣ ਨੂੰ ਮਜਬੂਰ

ਇਸੇ ਤਰ੍ਹਾਂ ਹੀ ਗੁਜਰਾਤ 'ਚ ਫਸੇ ਹੋਏ ਬਠਿੰਡਾ ਦੇ ਟਰੱਕ ਚਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਨਾਲ ਹੋਰ ਵੀ ਪੰਜਾਬ ਦੇ ਟਰੱਕ ਚਾਲਕ ਇੱਥੇ ਰੁਕੇ ਹੋਏ ਹਨ। ਉਨ੍ਹਾਂ ਦੱਸਿਆ ਕਿ 20 ਦੇ ਕਰੀਬ ਟਰੱਕ ਚਾਲਕ ਤੇ ਕਲੀਨਰ ਇਕ ਢਾਬੇ 'ਤੇ ਪਿਛਲੇ ਚਾਰ ਦਿਨਾਂ ਤੋਂ ਰੁਕੇ ਹੋਏ ਹਨ। ਇੱਥੇ ਉਨ੍ਹਾਂ ਨੂੰ ਬਿਮਾਰੀ ਲੱਗਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਫਸੇ ਟਰੱਕ ਚਾਲਕਾਂ ਤੇ ਕਲੀਨਰਾਂ ਨੂੰ ਕੱਢਣ ਲਈ ਪੰਜਾਬ ਸਰਕਾਰ ਜਲਦੀ ਕੋਈ ਕਦਮ ਉਠਾਵੇ ਤਾਂ ਜੋ ਆਪਣੇ ਘਰਾਂ ਵਿਚ ਆ ਕੇ ਰਹਿ ਸਕਣ ।