v> ਗੁਰਤੇਜ ਸਿੰਘ ਸਿੱਧੂ, ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਬੁੱਧਵਾਰ ਨੂੰ ਮਰਨ ਵਾਲੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ ਵੀਰਵਾਰ ਨੂੰ ਕੋਰੋਨਾ ਤੋਂ ਪੀੜਤ ਅੱਠ ਵਿਅਕਤੀਆਂ ਦੀ ਪਛਾਣ ਹੋਈ ਹੈ। ਕੋਰੋਨਾ ਪੀੜਤ ਇਨ੍ਹਾਂ ਮਰੀਜ਼ਾਂ ਵਿਚ ਚਾਰ ਬਠਿੰਡਾ ਦੀ ਫ਼ੌਜੀ ਛਾਉਣੀ ਦੇ ਜਵਾਨ ਹਨ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਬਿਰਲਾ ਮਿੱਲ ਕਲੋਨੀ ਦੇ 60 ਸਾਲਾਂ ਵਿਅਕਤੀ ਗੁਰਸੇਵਕ ਦਾਸ ਮਿੱਤਲ ਦੀ ਮੌਤ ਹੋ ਗਈ ਸੀ। ਭਾਵੇਂ ਉਹ ਕਈ ਬਿਮਾਰੀਆਂ ਤੋਂ ਪੀੜਤ ਸੀ ਪਰ ਸ਼ੱਕ ਦੇ ਅਧਾਰ ’ਤੇ ਸਿਹਤ ਵਿਭਾਗ ਨੇ ਉਸਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ। ਅੱਜ ਮਿਲੀ ਰਿਪੋਰਟ ਵਿਚ ਉਕਤ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਦੀ ਮਿਲਟਰੀ ਛਾਉਣੀ ਦੇ ਚਾਰ ਜਵਾਨਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਵੀ ਮਿਲਟਰੀ ਛਾਉਣੀ ਦੇ ਦਸ ਜਵਾਨਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਰਫਾਇਨਰੀ ਬਠਿੰਡਾ ’ਚ ਕੰਮ ਕਰਨ ਵਾਲੇ ਦੋ ਵਿਅਕਤੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦੋਂ ਕਿ ਡੀਡੀ ਮਿੱਤਲ ਟਾਵਰ ਤੇ ਅਜੀਤ ਰੋਡ ਦਾ ਰਹਿਣ ਵਾਲਾ ਇਕ ਇਕ ਵਿਅਕਤੀ ਵੀ ਕੋਰੋਨਾ ਪੀੜਤ ਨਿਕਲਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀਸ੍ਰੀਨਿਵਾਸਨ ਨੇ ਦੱਸਿਆ ਕਿ ਅੱਜ 8 ਕੋਰਨਾ ਦੇ ਨਵੇਂ ਮਰੀਜ਼ ਆਏ ਹਨ। ਹੁਣ ਤਕ ਜ਼ਿਲ੍ਹੇ ਅੰਦਰ 125 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Posted By: Rajnish Kaur