ਰਾਜੇਸ਼ ਭੱਟ, ਲੁਧਿਆਣਾ : ਸਾਬਕਾ ਸਿਹਤ ਮੰਤਰੀ ਤੇ ਸਾਬਕਾ ਡਿਪਟੀ ਸਪੀਕਰ ਸਤਪਾਲ ਗੋਸਾਈਂ 40 ਸਾਲ ਦੀ ਲੰਬੀ ਸਿਆਸੀ ਪਾਰੀ ਤੋਂ ਬਾਅਦ ਮੰਗਲਵਾਰ ਨੂੰ ਇਸ ਦੁਨੀਆ ਤੋਂ ਰੁਖ਼ਸਤ ਕਰ ਗਏ। ਗੋਸਾਈਂ ਨੂੰ ਜੁਝਾਰੂਪਣ ਤੇ ਲੋਕਹਿਤ ਲਈ ਲੜਨ ਦੀ ਫ਼ਿਤਰਤ ਕਾਰਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੋਸਾਈਂ ਨੂੰ ਜੁਝਾਰੂਪਣ ਤੇ ਲੋਕਹਿਤ ਲਈ ਲੜਨ ਦੀ ਫਿਤਰਤ ਕਾਰਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੋਸਾਈਂ ਚਾਹੇ ਸਾਧਾਰਨ ਵਰਕਰ ਰਹੇ ਹੋਣ ਜਾਂ ਫਿਰ ਡਿਪਟੀ ਸਪੀਕਰ ਤੇ ਸਿਹਤ ਮੰਤਰੀ, ਲੋਕਹਿਤ ਲਈ ਉਹ ਕਿਤੇ ਵੀ ਦਰੀ ਵਿਛਾ ਕੇ ਧਰਨੇ 'ਤੇ ਬੈਠ ਜਾਂਦੇ ਸਨ।

ਗੋਸਾਈਂ ਨੇ ਕਦੀ ਪ੍ਰੋਟੋਕਾਲ ਦੀ ਪਰਵਾਹ ਨਹੀਂ ਕੀਤੀ। ਉਹ ਸ਼ੁਰੂ ਤੋਂ ਹੀ ਆਪਣੀ ਗੱਡੀ 'ਚ ਦੇਰੀ ਰੱਖ ਕੇ ਚੱਲਦੇ ਸਨ, ਤਾਂ ਜੋ ਕਿਤੇ ਵੀ ਧਰਨਾ ਲਗਾਉਣਾ ਪਵੇ ਤਾਂ ਤੁਰੰਤ ਦਰੀ ਵਿਛਾਈ ਜਾ ਸਕੇ। ਜਦੋਂ ਉਹ ਸਿਹਤ ਮੰਤਰੀ ਸਨ, ਉਦੋਂ ਵੀ ਦੇਰੀ ਉਨ੍ਹਾਂ ਦੀ ਕਾਰ ਦੀ ਡਿੱਕੀ 'ਚ ਹੀ ਰਹਿੰਦੀ ਸੀ। ਉਨ੍ਹਾਂ ਨੂੰ ਭਾਜਪਾਈ ਤੇ ਸ਼ਹਿਰਵਾਸੀ ਦਰੀ ਵਾਲੇ ਬਾਬਾ ਦੇ ਨਾਂ ਨਾਲ ਜਾਣਦੇ ਸਨ।

ਗੋਸਾਈਂ ਜਿੱਥੇ ਵਰਕਰਾਂ ਲਈ ਹਰ ਵੇਲੇ ਖੜ੍ਹੇ ਹੁੰਦੇ ਸਨ, ਉੱਥੇ ਹੀ ਰਾਸ਼ਟਰੀ ਆਗੂਆਂ ਦੇ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਰਹੇ। ਅਟਲ ਬਿਹਾਰੀ ਵਾਜਪਾਈ ਹੋਣ ਜਾਂ ਲਾਲ ਕ੍ਰਿਸ਼ਨ ਅਡਵਾਨੀ, ਰਾਜਨਾਥ ਸਿੰਘ ਤੋਂ ਲੈ ਕੇ ਨਿਤਿਨ ਗਡਕਰੀ ਤਕ ਸਾਰਿਆਂ ਨਾਲ ਗੋਸਾਈਂ ਦੇ ਚੰਗੇ ਸਬੰਧ ਰਹੇ। ਜਦੋਂ ਵੀ ਪੰਜਾਬ ਦੀ ਰਾਜਨੀਤੀ 'ਤੇ ਪਾਰਟੀ ਕੋਈ ਫ਼ੈਸਲਾ ਲੈਂਦੀ ਤਾਂ ਗੋਸਾਈਂ ਦੀ ਅਣਦੇਖੀ ਨਹੀਂ ਹੋਈ। ਸਤਪਾਲ ਗੋਸਾਈਂ ਲੋਕਹਿਤ ਤੇ ਵਰਕਰਾਂ ਲਈ ਕਦੀ ਪਿੱਛੇ ਨਹੀਂ ਹਟਦੇ ਸਨ। ਜਦੋਂ ਉਹ 2009 'ਚ ਡਿਪਟੀ ਸਪੀਕਰ ਸਨ ਤਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ। ਉਹ ਚਾਹੁੰਦੇ ਤਾਂ ਡੀਸੀ ਨੂੰ ਆਪਣੇ ਕੋਲ ਬੁਲਾ ਕੇ ਝਾੜ ਪਾਉਂਦੇ ਸਨ, ਪਰ ਅਜਿਹਾ ਨਹੀਂ ਕੀਤਾ। ਉਹ ਕਾਰ ਵਿਚ ਡੀਸੀ ਦਫ਼ਤਰ ਪਹੁੰਚੇ।

ਡੀਸੀ ਨਾਲ ਬਹਿਸ ਹੋਈ ਤੇ ਮੁੜ ਕਾਰ ਵਿਚੋਂ ਆਪਣੀ ਦਰੀ ਕੱਢੀ ਤੇ ਧਰਨੇ 'ਤੇ ਬੈਠ ਗਏ। ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਧਰਨਾ ਚੁੱਕਿਆ ਸੀ। ਉਹ ਜ਼ਿੱਦ 'ਤੇ ਅੜੇ ਸਨ ਕਿ ਲੁਧਿਆਣਾ ਤੋਂ ਭ੍ਰਿਸ਼ਟ ਅਫ਼ਸਰ ਹਟਾਇਆ ਜਾਵੇ। ਇਸ ਤੋਂ ਬਾਅਦ ਡੀਸੀ ਉਨ੍ਹਾਂ ਦੇ ਘਰ ਮਾਫ਼ੀ ਮੰਗਣ ਪਹੁੰਚੇ ਸਨ। ਗੋਸਾਈਂ ਖ਼ੁਦ ਹੀ ਕਹਿੰਦੇ ਸਨ ਕਿ ਉਹ ਦਰੀ ਨਾਲ ਲੈ ਕੇ ਚੱਲਦੇ ਹਨ ਪਤਾ ਨਹੀਂ ਕਦੋਂ ਧਰਨੇ 'ਤੇ ਬੈਠਣਾ ਪਵੇ। ਉਨ੍ਹਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤਕ ਵਿਰੋਧੀ ਧਿਰ 'ਚ ਰਹੇ ਤਾਂ ਉਨ੍ਹਾਂ ਲੋਕਾਂ ਦੇ ਕੰਮ ਕਰਵਾਉਣ ਲਈ ਧਰਨੇ ਹੀ ਲਗਾਉਣੇ ਪੈਂਦੇ ਸਨ।

ਗੋਸਾਈਂ ਦਾ ਸਿਆਸੀ ਸਫ਼ਰ

ਸਤਪਾਲ ਗੋਸਾਈਂ ਦਾ ਜਨਮ 1935 'ਚ ਪਾਕਿਸਤਾਨ ਦੇ ਗੁਜਰਾਂਵਾਲਾ 'ਚ ਹੋਇਆ। ਭਾਰਤ-ਪਾਕਿ ਵੰਡ ਵੇਲੇ ਉਹ ਇੱਥੇ ਆ ਕੇ ਵਸ ਗਏ। ਇੱਥੇ ਉਨ੍ਹਾਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਬਿਜਲੀ ਬੋਰਡ 'ਚ ਇੰਜੀਨੀਅਰ ਬਣੇ। ਰਾਸ਼ਟਰੀ ਸਵੈਸੇਵਕ ਸੰਘ ਨਾਲ ਸ਼ੁਰੂ ਤੋਂ ਨੇੜਤਾ ਰਹੀ। ਜਦੋਂ ਭਾਰਤੀ ਜਨਤਾ ਪਾਰਟੀ ਦਾ ਗਠਨ ਹੋਇਆ ਤਾਂ ਨੌਕਰੀ 'ਤੇ ਰਹਿੰਦਿਆਂ ਗੋਸਾਈਂ ਨੇ ਭਾਜਪਾ ਨਾਲ ਨੇੜਤਾ ਵਧਾ ਲਈ ਤੇ ਕੁਝ ਸਮੇਂ ਵਾਅਦ ਸਰਗਰਮ ਰਾਜਨੀਤੀ 'ਚ ਆ ਗਏ। ਐਮਰਜੈਂਸੀ 'ਚ ਜੇਲ੍ਹ ਵੀ ਗਏ। ਗੋਸਾਈਂ ਨੇ ਸਭ ਤੋਂ ਪਹਿਲਾਂ 1991 'ਚ ਕੌਂਸਲਰ ਦੀ ਚੋਣ ਲੜੀ ਤੇ ਜਿੱਤ ਹਾਸਲ ਕੀਤੀ।

ਇਕ ਸਾਲ ਬਾਅਦ ਹੀ 1992 'ਚ ਵਿਧਾਇਕ ਬਣ ਗਏ। 1996 'ਚ ਗੋਸਾਈਂ ਨੇ ਲੁਧਿਆਣਾ ਸੰਸਦੀ ਹਲਕੇ ਤੋਂ ਲੋਕ ਸਭਾ ਚੋਣਾਂ ਲੜੀਆਂ, ਪਰ ਹਾਰ ਗਏ। 1997 'ਚ ਦੂਸਰੀ ਵਾਰ ਵਿਧਾਇਕ ਬਣੇ। ਇਸੇ ਕਾਰਜਕਾਲ ਦੇ ਆਖ਼ਰੀ ਦੋ ਸਾਲ 'ਚ ਉਹ ਪੰਜਾਬ ਵਿਧਾਨ ਸਭਾ 'ਚ ਪਹਿਲੀ ਵਾਰ ਡਿਪਟੀ ਸਪੀਕਰ ਬਣੇ।

2002 'ਚ ਹਾਰ ਗਏ ਸਨ ਚੋਣ

2002 'ਚ ਉਹ ਚੋਣ ਹਾਰ ਗਏ। 2007 'ਚ ਮੁੜ ਵਿਧਾਇਕ ਬਣੇ ਤੇ ਉਨ੍ਹਾਂ ਨੂੰ ਡਿਪਟੀ ਸਪੀਕਰ ਬਣਾਇਆ ਗਿਆ। ਸਰਕਾਰ ਦੇ ਆਖ਼ਰੀ ਸਾਲ 'ਚ ਉਨ੍ਹਾਂ ਨੂੰ ਸਿਹਤ ਮੰਤਰੀ ਬਣਾਇਆ ਗਿਆ। 2012 'ਚ ਉਹ ਚੋਣ ਹਾਰ ਗਏ। 2016'ਚ ਉਨ੍ਹਾਂ ਦਾ ਭਾਜਪਾ ਤੋਂ ਮੋਹ ਭੰਗ ਹੋਇਆ ਤੇ ਉਹ ਆਪਣੇ ਚੇਲੇ ਗੁਰਦੀਪ ਸਿੰਘ ਨੀਟੂ ਨਾਲ ਕਾਂਗਰਸ 'ਚ ਸ਼ਾਮਲ ਹੋ ਗਏ। ਸੰਘ ਦੇ ਦਬਾਅ 'ਚ ਗੋਸਾਈਂ ਅਗਲੇ ਦਿਨ ਮੁੜ ਭਾਜਪਾ 'ਚ ਸ਼ਾਮਲ ਹੋ ਗਏ। ਹੁਣ ਉਹ ਸਰੀਰਕ ਤੌਰ 'ਤੇ ਸਿਹਤਮੰਦ ਨਹੀਂ ਸਨ, ਪਰ ਕੋਰੋਨਾ ਕਾਲ 'ਚ ਵੀ ਭਾਜਪਾ ਦੀਆਂ ਬੈਠਕਾਂ 'ਚ ਸ਼ਾਮਲ ਹੁੰਦੇ ਰਹੇ। ਹਾਲ ਹੀ 'ਚ ਭਾਜਪਾ ਦਫ਼ਤਰ 'ਚ ਹੋਈ ਸੂਬਾ ਕਾਰਜਕਾਰਨੀ ਦੀ ਵਰਚੂਅਲ ਮੀਟਿੰਗ 'ਚ ਹਿੱਸਾ ਲੈਣ ਪਹੁੰਚੇ ਸਨ। ਇਹ ਉਨ੍ਹਾਂ ਦੀ ਆਖ਼ਰੀ ਮੀਟਿੰਗ ਸੀ।

Posted By: Seema Anand