ਡਾ. ਸੁਮਿਤ ਸਿੰਘ ਸ਼ਿਓਰਾਨ, ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੀਆਂ ਲਗਪਗ ਛੇ ਯੂਨੀਵਰਸਿਟੀਜ਼ ਤੇ 400 ਕਾਲਜਾਂ ਦੇ ਲਗਪਗ 20 ਹਜ਼ਾਰ ਅਧਿਆਪਕਾਂ ਦਾ ਸੰਘਰਸ਼ ਜਲਦ ਚੰਗੀ ਖ਼ਬਰ ਦੇ ਸਕਦਾ ਹੈ। ਬੀਤੇ ਲਗਪਗ ਦੋ ਮਹੀਨੇ ਤੋਂ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਤੇ ਪੀਫੈਕਟੋ ਸੱਤਵੇਂ ਪੇ ਸਕੇਲ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ। ਮਾਮਲਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਕਾਂਗਰਸ ਹਾਈ ਕਮਾਨ ਰਾਹੁਲ ਗਾਂਧੀ ਤਕ ਪਹੁੰਚ ਚੁੱਕਾ ਹੈ। ਮਾਮਲੇ ’ਚ ਹੁਣ ਆਖ਼ਰੀ ਮੋਹਰੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਲਗਾਈ ਜਾਣੀ ਹੈ। ਇਸ ਬਾਰੇ ਬੀਤੇ ਹਫ਼ਤੇ ਮਨਪ੍ਰੀਤ ਬਾਦਲ ਤੇ ਰਾਹੁਲ ਗਾਂਧੀ ਦੀ ਦੋ ਵਾਰ ਮੁਲਾਕਾਤ ਹੋ ਚੁੱਕੀ ਹੈ। ਅਧਿਆਪਕਾਂ ਨਾਲ ਜੁਡ਼ੇ ਇਸ ਮੁੱਦੇ ’ਤੇ ਅਗਲੇ ਇਕ ਦੋ ਦਿਨਾਂ ’ਚ ਵੱਡੀ ਖ਼ਬਰ ਮਿਲ ਸਕਦੀ ਹੈ। ਪੰਜਾਬ ਯੂਟੀ ਸੱਕਤਰੇਤ ’ਚ ਵੀ ਮੁੱਖ ਮੰਤਰੀ ਦਫ਼ਤਰ ’ਚ ਇਸ ਮਾਮਲੇ ਬਾਰੇ ਉੱਚ ਅਧਿਕਾਰੀਆਂ ਦੀ ਅਹਿਮ ਬੈਠਕ ਹੋਈ। ਸੂਤਰਾਂ ਮੁਤਾਬਕ ਦੇਰ ਰਾਤ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਦੇ ਕੁੱਝ ਨੁਮਾਇੰਦਿਆਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੱਲਬਾਤ ਲਈ ਬੁਲਾ ਲਿਆ ਹੈ। ਦੋਵਾਂ ਧਿਰਾਂ ’ਚ ਬਠਿੰਡਾ ’ਚ ਵੀਰਵਾਰ ਨੂੰ ਅਹਿਮ ਬੈਠਕ ਹੋਣ ਜਾ ਰਹੀ ਹੈ। ਪੂਰੇ ਮਾਮਲੇ ’ਚ ਰਾਹੁਲ ਗਾਂਧੀ ਨੇ ਪੰਜਾਬ ਸਰਕਾਰ ਨੂੰ ਸੱਤਵਾਂ ਪੇ ਸਕੇਲ ਲਾਗੂ ਕੀਤੇ ਜਾਣ ਬਾਰੇ ਸਖ਼ਤ ਨਿਰਦੇਸ਼ ਦਿੱਤੇ ਹਨ ਪਰ ਵਿੱਤ ਵਿਭਾਗ ਵੱਲੋਂ ਆਰਥਿਕ ਹਾਲਾਤ ਦਾ ਹਵਾਲਾ ਦਿੱਤਾ ਜਾ ਰਿਹਾ ਸੀ। ਸੱਤਵਾਂ ਪੇ ਸਕੇਲ ਦੇਣ ਲਈ 300 ਕਰੋਡ਼ ਦੇ ਬਜਟ ਦੀ ਜ਼ਰੂਰਤ ਹੈ ਜਿਸ ਦਾ ਮਨਪ੍ਰੀਤ ਬਾਦਲ ਨੇ ਪ੍ਰਬੰਧ ਕਰਨਾ ਹੈ।

ਉਧਰ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਵੱਲੋਂ 30 ਨਵੰਬਰ ਨੂੰ ਕੋਰਟ ਅਰੈਸਟ ਦਾ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਪੂਰੇ ਮਾਮਲੇ ’ਚ ਬੈਕਫੁੱਟ ’ਤੇ ਦਿਸ ਰਹੀ ਹੈ। ਪੰਜਾਬ ਦੀਆਂ ਫਰਵਰੀ ਮਾਰਚ-2022 ’ਚ ਵਿਧਾਨ ਸਭਾ ਚੋਣਾਂ ’ਚ ਯੂਨੀਵਰਸਿਟੀ ਤੇ ਕਾਲਜ ਦੇ ਅਧਿਆਪਕਾਂ ਦੀ ਤਨਖ਼ਾਹ ਦਾ ਮਾਮਲਾ ਚੋਣਾਂ ’ਚ ਹਾਰ ਦਾ ਕਾਰਨ ਬਣ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਵੀ ਪੂਰੇ ਮਾਮਲੇ ’ਚ ਆਪਣੇ ਵੱਲੋਂ ਸਹਿਮਤੀ ਦੇ ਚੁੱਕੇ ਹਨ।

Posted By: Tejinder Thind