ਜੇਐੱਨਐੱਨ, ਬਠਿੰਡਾ : ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦਿਆਂ ਹੀ ਨਵਜੋਤ ਸਿੰਘ ਸਿੱਧੂ ਵਿਵਾਦ ਵਿਚ ਫਸ ਗਏ ਹਨ। ਚੰਡੀਗੜ੍ਹ ਵਿਚ ਕਾਰਜਭਾਰ ਸੰਭਾਲਣ ਮੌਕੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਜਥੇਬੰਦੀਆਂ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਨੂੰ ਹੰਕਾਰੀ ਦੱਸਿਆ ਹੈ।

ਬਠਿੰਡਾ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਸਿੱਧੂ ਦੀ ਭਾਸ਼ਾ ਹੀ ਠੀਕ ਨਹੀਂ ਹੈ। ਜਿਨ੍ਹਾਂ ਕਿਸਾਨਾਂ ਨੂੰ ਉਹ ਪਿਆਸਾ ਦੱਸ ਰਹੇ ਹਨ, ਉਨ੍ਹਾਂ ਹੀ ਕਿਸਾਨਾਂ ਦਾ ਪੈਦਾ ਕੀਤਾ ਅਨਾਜ ਉਹ ਖਾ ਰਹੇ ਹਨ। ਜੇ ਇਹੀ ਗੱਲ ਹੈ ਤਾਂ ਸਿੱਧੂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਅਨਾਜ ਨੂੰ ਹੱਥ ਵੀ ਨਾ ਲਾਉਣ। ਉਹ ਕਿਸਾਨਾਂ ਲਈ ਕੁਝ ਨਹੀਂ ਕਰ ਸਕਦੇ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸਿੱਧੂ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਸੀ। ਉਹ ਸ਼ਹਾਦਤ ਦੇਣ ਵਾਲੇ ਕਿਸਾਨਾਂ ਨੂੰ ਪਿਆਸਾ ਦੱਸ ਰਹੇ ਹਨ। ਕਾਰਪੋਰੇਟ ਘਰਾਣਿਆਂ ਦੇ ਅੱਗੇ ਛਾਤੀ ਤਾਣ ਕੇ ਖੜ੍ਹੇ ਕਿਸਾਨਾਂ ਨੂੰ ਪਿਆਸਾ ਕਹਿ ਰਹੇ ਹਨ। ਸਿੱਧੂ ਕਿਸੇ ਸੰਵਿਧਾਨਕ ਅਹੁਦੇ ’ਤੇ ਨਹੀਂ ਹਨ। ਸਿਰਫ਼ ਪ੍ਰਧਾਨ ਬਣੇ ਹਨ ਤੇ ਪਾਰਟੀ ਪ੍ਰਧਾਨ ਕੁਝ ਨਹੀਂ ਕਰ ਸਕਦਾ।

ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਸਿੱਧੂ ਨੂੰ ਪ੍ਰਧਾਨਗੀ ਦਾ ਨਸ਼ਾ ਹੋ ਗਿਆ ਹੈ। ਉਹ ਦੱਸਣ ਕਿ ਕਿਸਾਨਾਂ ਨੂੰ ਕਿਸ ਹੈਸੀਅਤ ਨਾਲ ਬੁਲਾ ਰਹੇ ਹਨ?

ਕਿਸਾਨ ਸਮਝਦਾਰ ਹਨ, ਅਜਿਹੀਆਂ ਗੱਲਾਂ ’ਚ ਨਹੀਂ ਆਉਂਦੇ : ਝੁੰਬਾ

ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਮਕਸਦ ਹੀ ਲੋਕਾਂ ਦਾ ਧਿਆਨ ਭਟਕਾਉਣਾ ਹੈ ਤਾਂ ਜੋ ਅਸਲ ਮੁੱਦਿਆਂ ਨੂੰ ਲੋਕ ਭੁੱਲ ਜਾਣ। ਇਹ ਸਾਰਾ ਇਕ ਸਿਆਸੀ ਡਰਾਮਾ ਹੈ ਜਿਸ ਤੋਂ ਬਾਅਦ ਵੀ ਕਿਸਾਨਾਂ ਨੂੰ ਕੁਝ ਨਹੀਂ ਮਿਲੇਗਾ ਪਰ ਪੰਜਾਬ ਦੇ ਲੋਕ ਅਜਿਹੀਆਂ ਗੱਲਾਂ ਵਿਚ ਨਹੀਂ ਆਉਣਗੇ।

ਸਿੱਧੂ ਨੇ ਮੰਤਰੀ ਬਣ ਕੇ ਵੀ ਕੁਝ ਨਹੀਂ ਕੀਤਾ : ਜਸਬੀਰ ਸਿੰਘ

ਕਿਸਾਨ ਆਗੂ ਜਸਬੀਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਵਿਚ ਹੰਕਾਰ ਆ ਗਿਆ ਹੈ। ਕਿਸਾਨਾਂ ਨੂੰ ਪਿਆਸਾ ਕਹਿਣਾ ਠੀਕ ਨਹੀਂ ਹੈ। ਸਿੱਧੂ ਮੰਤਰੀ ਵੀ ਰਹੇ ਪਰ ਫਿਰ ਵੀ ਉਨ੍ਹਾਂ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਪ੍ਰਧਾਨ ਬਣਨ ਤੋਂ ਬਾਅਦ ਵੀ ਉਹ ਕੁਝ ਨਹੀਂ ਕਰਨਗੇ। ਉਹ ਸਿਰਫ਼ ਲੋਕਾਂ ਦੇ ਜਜ਼ਬਿਆਂ ਨਾਲ ਖੇਡ ਰਹੇ ਹਨ।

Posted By: Tejinder Thind