ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਿੰਡ ਬਾਦਲ 'ਚ ਭਾਜਪਾ ਸੂਬਾ ਪ੍ਰਧਾਨ ਮਿਲੇ। ਇੱਥੇ ਜ਼ਿਕਰਯੋਗ ਹੈ ਕਿ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਬਠਿੰਡਾ ਦੇ ਏਅਰਪੋਰਟ ਆਉਣ ਬਾਅਦ 20 ਫ਼ਰਵਰੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਜਾਣਗੇ। ਇਸ ਲਈ ਉਸ ਦਿਨ ਹਰ ਪਾਸੇ 'ਬੀਜੇਪੀ ਜ਼ਿੰਦਾਬਾਦ, ਬੀਜੇਪੀ ਜ਼ਿੰਦਾਬਾਦ', ਦੇ ਨਾਅਰੇ ਗੁੰਜ਼ਾਊਨ ਲਈ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੁਆਰਾ ਤਿਆਰੀਆਂ ਸਿਖ਼ਰਾਂ 'ਤੇ ਹਨ। ਇਸ ਲਈ ਬਠਿੰਡਾ 'ਚ ਉਨ੍ਹਾਂ ਨੇ ਡੇਰੇ ਲਗਾਏ ਹੋਏ ਅਤੇ ਉਹ ਪਿੰਡ ਬਾਦਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲੇ। ਉਨ੍ਹਾਂ ਨਾਲ 40 ਕੁ ਮਿੰਟ ਤਕ ਮਿਲਣੀ ਕੀਤੀ। ਇਸ ਦੌਰਾਨ ਭਾਜਪਾ ਸੂਬਾ ਪ੍ਰਧਾਨ ਨਾਲ ਸੂਬਾ ਆਰਗੇਨਾਈਜੇਸ਼ਨ ਜਨਰਲ ਸਕੱਤਰ ਦੀਨੇਸ਼ ਕੁਮਾਰ, ਜੀਵਣ ਗੁਪਤਾ, ਪ੍ਰਵੀਨ ਬਾਂਸਲ, ਦਿਆਲ ਸੋਢੀ, ਸੁਨੀਲ ਸਿੰਗਲਾ, ਵਿਨੋਦ ਬਿੰਟਾ ਤੇ ਅਸ਼ੋਕ ਬਾਲਿਆਂ ਵਾਲੀ ਵੀ ਸਨ।

ਸੂਬਾ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ ਅੱਜ ਪਿੰਡ ਬਾਦਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ। ਇਸ ਦੇ ਪਹਿਲਾਂ ਬਠਿੰਡਾ ਵਿਚ ਕੱਲ੍ਹ ਉਨ੍ਹਾਂ ਵਲੋਂ ਬਠਿੰਡਾ ਸ਼ਹਿਰੀ ਭਾਜਪਾ ਆਗੂਆਂ ਨਾਲ ਵੀ ਰਾਸ਼ਟਰੀ ਪ੍ਰਧਾਨ ਦੇ ਆਉਣ ਸਮੇਂ ਹਰ ਪਾਸੇ ਸਵਾਗਤ ਦੇ ਸਬੰਧ 'ਚ ਮੀਟਿੰਗ ਕੀਤੀ ਅਤੇ ਡਿਊਟੀਆਂ ਵੀ ਲਗਾਈਆਂ ਗਈਆਂ ਸਨ। ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਚਾਰ ਜ਼ਿਲ੍ਹਿਆਂ ਸ਼੍ਰੀ ਮੁਕਤਸਰ ਸਾਹਿਬ, ਅਬੋਹਰ, ਫਰੀਦਕੋਟ ਤੇ ਫਾਜ਼ਿਲਕਾ ਦੇ ਆਗੂਆਂ ਨਾਲ ਮੀਟਿੰਗ ਕੀਤੀ, ਜਦੋਂਕਿ ਸ਼ਾਮ ਨੂੰ ਬਠਿੰਡਾ ਸਰਕਟ ਹਾਊਸ 'ਚ ਬਰਨਾਲਾ, ਮਾਨਸਾ ਤੇ ਬਠਿੰਡਾ ਦਿਹਾਤੀ ਆਗੂਆਂ ਨਾਲ ਰਾਸ਼ਟਰੀ ਪ੍ਰਧਾਨ ਦੇ ਸਵਾਗਤ ਸਮੇਂ ਭਾਜਪਾ ਹੀ ਭਾਜਪਾ ਹਰ ਪਾਸੇ ਦਿਖਣ ਦੀ ਗੱਲਬਾਤ ਕਰਦਿਆਂ ਆਗੂਆਂ ਵਲੋਂ ਬੱਸਾਂ ਲਿਆਉਣ ਦੀ ਗਿਣਤੀ ਮਿਣਤੀ ਕਰਦੇ ਵੀ ਦਿਖੇ।

ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਟ ਹਾਊਸ 'ਚ ਕਿਹਾ ਕਿ ਮਾਲਵੇ 'ਚ ਭਾਜਪਾ ਦਾ ਜ਼ੋਰ ਦਿਖਾਉਂਦੇ ਹੋਏ ਅਵਾਜ਼ ਬੁਲੰਦ ਹੋਣੀ ਚਾਹੀਦੀ ਹੈ। ਕਦੇ ਅਜਿਹਾ ਨਾ ਹੋਵੇ ਕਿ 'ਪੱਲੇ ਨਹੀਂ ਧੇਲਾ, ਕਰਦੀ ਫਿਰੇ ਮੇਲਾ ਮੇਲਾ' ਵਾਲੀ ਗੱਲ ਹੋ ਜਾਵੇ। ਸਕੋਰ ਸੈਟਲ ਕਰਦੇ ਕਰਦੇ, ਕਰਦੇ ਕਦੇ ਬੀਜੇਪੀ ਦਾ ਸਕੋਰ ਹੀ ਖਰਾਬ ਕਰ ਲਈਏ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ 'ਚ ਬੀਜੇਪੀ ਦਾ ਪਰਚਮ ਬੁਲੰਦ ਹੋਵੇ। ਨਬਜ਼ ਨੂੰ ਪਛਾਣੋ ਅਤੇ ਇਕ, ਦੂਜੇ ਨੂੰ ਠਿੱਬੀ ਲਗਾਉਣੀ ਬੰਦ ਕਰੋ। ਸਾਰਿਆਂ ਨੂੰ ਨਾਲ ਲੈ ਕੇ ਕਦਮ ਨਾਲ ਕਦਮ ਮਿਲਾ ਕੇ ਚੱਲੋ।

ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਆਉਣ ਦੇ ਮਾਮਲੇ 'ਚ ਸਵਾਗਤ ਲਈ ਭਾਜਪਾ ਆਗੂਆਂ 'ਚ ਫੂਕੀ ਜਾ ਰਹੀ ਭਾਜਪਾ ਸੂਬਾ ਪ੍ਰਧਾਨ ਵਲੋਂ ਜਾਨ ਨਾਲ ਚਰਚਾਵਾਂ ਛਿੜ ਗਈਆਂ ਹਨ। ਇਸ ਨਾਲ ਸਾਲ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪੈਰ ਜਮਾਉਣ ਦੀ ਕਵਾਇਦ ਬੀਜੇਪੀ ਨੇ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਭਾਜਪਾ ਰਾਸ਼ਟਰੀ ਪ੍ਰਧਾਨ ਪਿੰਡ ਬਾਦਲ 'ਚ 20 ਫ਼ਰਵਰੀ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਗੇ ਅਤੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਉਨ੍ਹਾ ਪਿੰਡ ਬਾਦਲ 'ਚ ਮਿਲੇ ਹਨ, ਪਰ ਅਕਾਲੀ-ਭਾਜਪਾ 'ਚ ਪਿਛਲੇ ਸਮਿਆਂ 'ਚ ਸਮੇਂ ਸਮੇਂ 'ਤੇ ਆਉਂਦੀਆਂ ਤਰੇੜਾਂ ਦੇ ਨਾਲ ਚਰਚਾਵਾਂ ਦਾ ਹੋਣਾ ਸੁਭਾਵਿਕ ਹੈ। ਸਿਆਸੀ ਮਾਹਿਰਾਂ ਅਨੁਸਾਰ ਬੀਜੇਪੀ ਵਲੋਂ ਇਹ ਤਿਆਰੀਆਂ ਪੰਜਾਬ 'ਚ ਆਪਣਾ ਕੱਦ ਮਾਪਣ ਵਜੋਂ ਦੇਖੀਆਂ ਜਾ ਰਹੀਆਂ ਹਨ।

Posted By: Jagjit Singh