ਦੀਪਕ ਸ਼ਰਮਾ, ਬਠਿੰਡਾ : ਮਲੋਟ ਤੋਂ ਬਠਿੰਡਾ ਆ ਰਹੀ ਬੱਸ ਦੇ ਕੰਡਕਟਰ ਨਾਲ ਦੋ ਅਣਪਛਾਤੇ ਯਾਤਰੀਆਂ ਵੱਲੋਂ ਕੁੱਟਮਾਰ ਕਰਨ ਦੇ ਰੋਸ ਵਿਚ ਪੀਆਰਟੀਸੀ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਜਾਮ ਲਗਾ ਕੇ ਆਵਾਜਾਈ ਰੋਕ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਦ ਤੱਕ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਜਾਮ ਨਹੀਂ ਖੋਲਿ੍ਹਆ ਜਾਵੇਗਾ। ਸੂਚਨਾ ਮਿਲਣ 'ਤੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਪੀਆਰਟੀਸੀ ਬਠਿੰਡਾ ਡਿਪੂ ਦੀ ਬੱਸ ਮਲੋਟ ਤੋਂ ਬਠਿੰਡਾ ਆ ਰਹੀ ਸੀ। ਸ਼ਾਮੀਂ ਪੰਜ ਵਜੇ ਦੇ ਕਰੀਬ ਬਸ ਪਿੰਡ ਬਹਿਮਣ ਦੀਵਾਨਾ ਕੋਲ ਪਹੁੰਚੀ ਤਾਂ ਬੱਸ ਵਿਚ ਸਵਾਰ ਦੋ ਯਾਤਰੀਆਂ ਨੇ ਕੰਡਕਟਰ ਭੋਲਾ ਸਿੰਘ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਕਤ ਵਿਅਕਤੀਆਂ ਨੇ ਕੰਡਕਟਰ ਦੀ ਕੁੱਟ ਮਾਰ ਕੀਤੀ ਤੇ ਮੌਕੇ ਤੋਂ ਭੱਜ ਗਏ। ਇਸ ਦੌਰਾਨ ਮੌਕੇ 'ਤੇ ਪਹੁੰਚੇ ਦੂਜੀਆਂ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਸੜਕ 'ਤੇ ਜਾਮ ਲਗਾ ਦਿੱਤਾ ਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲੀਸਿ ਵੱਲੋਂ ਕਾਰਵਾਈ ਦਾ ਭਰੋਸਾ ਮਿਲਣ 'ਤੇ ਜਾਮ ਖੋਲ੍ਹ ਦਿੱਤਾ ਗਿਆ।