ਗੁਰਤੇਜ ਸਿੰਘ ਸਿੱਧੂ, ਬਠਿੰਡਾ : ਦਿੱਲੀ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਗਏ ਕੁਝ ਵਿਅਕਤੀਆਂ ਵੱਲੋਂ ਗੋਨਿਆਣਾ ਮੰਡੀ ਨਾਲ ਸਬੰਧਿਤ ਹਿੰਦੂ ਸਮਾਜ ਨੂੰ ਧਮਕੀਆਂ ਦੇਣ ਦਾ ਮਾਮਲਾ ਗਰਮਾਉਦਾ ਨਜ਼ਰ ਆ ਰਿਹਾ ਹੈ। ਗਣਤੰਤਰ ਦਿਵਸ ਮੌਕੇ ਹਿੰਦੂ ਸਮਾਜ ਦੇ ਰੋਸ ਪ੍ਰਦਰਸ਼ਨ ਬਾਅਦ ਜਿੱਥੇ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਨੇਹੀਆਂਵਾਲਾ ਵਿਖੇ ਕੇਸ ਦਰਜ ਕਰ ਲਿਆ ਹੈ, ਉੱਥੇ ਦੂਜੀ ਧਿਰ ਨੇ ਇਸ ਕੇਸ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਝੰਡੇ ਹੇਠ ਥਾਣੇ ਮੂਹਰੇ ਧਰਨਾ ਲਾ ਦਿੱਤਾ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ। ਹਿੰਦੂ ਸਮਾਜ ਦੇ ਆਗੂ ਅਸ਼ਵਨੀ ਕੁਮਾਰ ਉੱਰਫ ਸੋਨੂੰ ਰੋਮਾਣਾ, ਮਨਮੋਹਨ ਧਿੰਗੜਾ, ਰਮੇਸ਼ ਕੁਮਾਰ ਮੱਟੂ, ਰਜ਼ਨੀਸ਼ ਰਾਜੂ ਤੇ ਪ੍ਰਮੋਦ ਕਾਕਾ ਦਾ ਕਹਿਣਾ ਹੈ ਕਿ ਸਥਾਨਕ ਸ਼ਹਿਰ 'ਚ ਆੜ੍ਹਤ ਦਾ ਕਾਰੋਬਾਰ ਕਰਨ ਵਾਲੇ ਵੱਖ-ਵੱਖ ਪਿੰਡਾਂ ਦੇ ਕੱੁਝ ਆੜ੍ਹਤੀ ਬੀਤੇ ਦਿਨ ਦਿੱਲੀ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਗਏ ਸਨ । ਉਨ੍ਹਾਂ ਨੇ ਹਿੰਦੂ ਸਮਾਜ ਨਾਲ ਸਬੰਧਤ ਆੜ੍ਹਤੀਆਂ ਨੂੰ ਵੀ ਅੰਦੋਲਨ 'ਚ ਸ਼ਾਮਲ ਹੋਣ ਲਈ ਕਿਹਾ ਸੀ, ਪਰ ਮਜਬੂਰੀ ਕਾਰਨ ਸ਼ਹਿਰੀ ਆੜ੍ਹਤੀ ਅੰਦੋਲਨ 'ਚ ਸ਼ਾਮਲ ਨਹੀਂ ਹੋ ਸਕੇ, ਜਿਸ ਤੋਂ ਤੈਸ਼ ਵਿਚ ਆਏ ਉੱਕਤ ਪਿੰਡਾਂ ਨਾਲ ਸਬੰਧਤ ਆੜ੍ਹਤੀਆਂ ਨੇ ਵੀਡੀਓ ਜਾਰੀ ਕਰਕੇ ਉਨ੍ਹਾਂ ਧਮਕਾਇਆ ਕਿ ਅਸੀਂ ਦੇਸ਼ ਦੀ ਸਰਕਾਰ ਦਾ ਪਲਟਾ ਮਾਰਕੇ ਖਾਲਿਸਤਾਨ ਬਣਾਵਾਂਗੇ ਤੇ ਥੋਡਾ ਸਭ ਕੁਝ ਲੱੁਟ ਕੇ ਥੋਨੂੰ ਪਾਕਿਸਤਾਨ ਭੇਜ ਦੇਵਾਂਗੇ। ਅਜਿਹਾ ਕਰਕੇ ਉਕਤ ਵਿਅਕਤੀਆਂ ਨੇ ਸ਼ਰੇਆਮ ਹਿੰਦੂ ਸਮਾਜ ਦਾ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ। ਥਾਣਾ ਨੇਹੀਆਂਵਾਲਾ ਵਿਖੇ ਹਿੰਦੂ ਸਮਾਜ ਦੇ ਆਗੂਆਂ ਦੇ ਬਿਆਨਾਂ ਉੱਪਰ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਉੱਧਰ ਦੂਜੀ ਧਿਰ ਨੇ ਇਸ ਮੁਕੱਦਮੇ ਨੂੰ ਰੱਦ ਕਰਵਾਉਣ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਝੰਡੇ ਹੇਠ ਥਾਣੇ ਮੂਹਰੇ ਰੋਸ ਧਰਨਾ ਲਾ ਦਿੱਤਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਜਗਸੀਰ ਸਿੰਘ ਜੀਦਾ, ਸੁਖਦਰਸ਼ਨ ਸਿੰਘ ਖੇਮੂਆਣਾ, ਰੇਸ਼ਮ ਸਿੰਘ ਜੀਦਾ ਤੇ ਭੋਲਾ ਸਿੰਘ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ 'ਚ ਸ਼ਾਮਲ ਹੋਣ ਲਈ ਕੁਝ ਸ਼ਹਿਰੀ ਆੜ੍ਹਤੀਆਂ ਨੇ ਆਪਣੇ ਨਾਂ ਲਿਖਵਾਏ ਸਨ ਪਰ ਐਨ ਮੌਕੇ 'ਤੇ ਉਹ ਨਾਲ ਨਹੀਂ ਗਏ, ਜਿਸ ਕਾਰਨ ਉੱਕਤ ਵਿਅਕਤੀਆਂ ਨੇ ਵੀਡੀਓਜ਼ ਰਾਹੀਂ ਸ਼ਹਿਰੀ ਆੜ੍ਹਤੀਆਂ ਨਾਲ ਗਿਲਾ-ਸ਼ਿਕਵਾ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉੱਕਤ ਵਿਅਕਤੀ ਆਪਣੇ ਕੀਤੇ ਦੀ ਖਿਮਾ ਵੀ ਮੰਗ ਰਹੇ ਸਨ, ਪਰ ਮਾਮਲੇ ਨੂੰ ਸਾਂਤ ਕਰਨ ਦੀ ਬਜਾਏ ਬੜਾਵਾ ਦੇ ਦਿੱਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਦਰਜ ਕੀਤੇ ਗਏ ਮੁਕੱਦਮੇ ਨੂੰ ਤੁਰੰਤ ਰੱਦ ਕੀਤਾ ਜਾਵੇ ਤਾਂ ਹੋ ਦੋਨਾਂ ਧਿਰਾਂ ਵਿੱਚ ਭਾਈਚਾਰਕ ਸਾਂਝ ਬਣੀ ਰਹੇ। ਖਬਰ ਲਿਖੇ ਜਾਣ ਤਕ ਥਾਣੇ ਮੂਹਰੇ ਧਰਨਾ ਜਾਰੀ ਸੀ ਤੇ ਮਾਮਲੇ ਦਾ ਕੋਈ ਪੁਖਤਾ ਹੱਲ ਨਹੀਂ ਨਿਕਲ ਸਕਿਆ। ਥਾਣਾ ਮੁੁਖੀ ਬੂਟਾ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਦੋਨਾਂ ਧਿਰਾਂ ਵਿੱਚ ਗੱਲਬਾਤ ਚੱਲ ਰਹੀ ਹੈ, ਜਿਸ ਦਾ ਛੇਤੀ ਸਾਰਥਿੱਕ ਹੱਲ ਹੋਣ ਦੀ ਸੰਭਾਵਨਾ ਹੈ।

ਬਾਕਸ

ਹਿੰਦੂ ਸਮਾਜ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਨੇਹੀਆਂਵਾਲਾ ਪੁਲਿਸ ਨੇ ਅਸ਼ਵਨੀ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਗੋਨਿਆਣਾ ਮੰਡੀ ਦੇ ਬਿਆਨਾਂ ਦੇ ਅਧਾਰ 'ਤੇ ਹਰਜਿੰਦਰ ਸਿੰਘ ਮਾਨ ਪੁੱਤਰ ਜਸਵੰਤ ਸਿੰਘ ਵਾਸੀ ਭੋਖੜਾ, ਜਸਪਾਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਗੋਨਿਆਣਾ ਮੰਡੀ, ਸੁਖਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਿਵੀਆਂ, ਕੁਲਦੀਪ ਸਿੰਘ ਵੜਿੰਗ ਪੁੱਤਰ ਹਰਭਜਨ ਸਿੰਘ ਵਾਸੀ ਦਿਓਣ ਤੋਂ ਇਲਾਵਾ 5-6 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕੇਸ ਦਰਜ ਕਰਵਾਉਣ ਲਈ ਗੋਨਿਆਣਾ ਮੰਡੀ ਵਿਚ ਰੋਸ ਮੁਜ਼ਾਹਰਾ ਕੀਤਾ ਸੀ।