ਗੁਰਤੇਜ ਸਿੰਘ ਸਿੱਧੂ, ਬਠਿੰਡਾ : ਅਧਿਆਪਕ ਮੰਗਾਂ ਨੂੰ ਅਣਗੌਲਿਆ ਕਰਨ ਅਤੇ ਸਿੱਖਿਆ ਮੰਤਰੀ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਖਿਲਾਫ਼ ਮੋਰਚਾ ਖੋਲਣ ਹਿੱਤ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਪ੍ਰਧਾਨ ਰੇਸ਼ਮ ਸਿੰਘ ਦੀ ਪ੍ਰਧਾਨਗੀ 'ਚ ਹੋਈ। ਮੀਟਿੰਗ 'ਚ ਸੂਬਾ ਇਜਲਾਸ ਦੇ ਫੈਸਲਿਆਂ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਪੱਧਰ 'ਤੇ ਦਿੱਤੇ ਜਾਣ ਵਾਲੇ ਰੋਸ ਧਰਨਿਆਂ ਤਹਿਤ ਡੀਟੀਐੱਫ ਜ਼ਿਲ੍ਹਾ ਬਠਿੰਡਾ ਵੱਲੋਂ 16 ਦਸੰਬਰ ਨੂੰ ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਅਰਥੀ ਫੂਕ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। ਇਸ ਸਮੇਂ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਤੇ ਜਰਨਲ ਸਕੱਤਰ ਬਲਜਿੰਦਰ ਸਿੰਘ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਪ੍ਰਰਾਜੈਕਟਾਂ ਅਤੇ ਤਜਰਬਿਆਂ ਵਿੱੱਚ ਉਲਝਾਉਂਦੇ ਹੋਏ ਸਿੱਖਿਆ ਦਾ ਉਜਾੜਾ ਕਰਨ ਤੇ ਤੁਲੀ ਹੋਈ ਹੈ । ਜੱਥੇਬੰਦੀ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਤੇ ਸੂਬਾ ਕਮੇਟੀ ਮੈਂਬਰ ਨਵਚਰਨਪ੍ਰਰੀਤ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਦੀ ਰੈਸ਼ਨੇਲਾਈਜੇਸ਼ਨ ਪਾਲਿਸੀ ਨੂੰ ਸਿੱਖਿਆ ਅਤੇ ਰੁਜ਼ਗਾਰ ਉਜਾੜੇ ਦਾ ਸਰਕਾਰੀ ਸੰਦ ਦੱਸਿਆ । ਉਨ੍ਹਾਂ ਨੇ ਕਿਹਾ ਕਿ ਰੈਸ਼ਨੇਲਾਈਜੇਸ਼ਨ ਸਕੂਲਾਂ ਵਿਚੋਂ ਪੋਸਟਾਂ ਦੀ ਚੱਕ ਥੱਲ ਕਰ ਕੇ ਨਵੇਂ ਅਧਿਆਪਕ ਭਰਤੀ ਕਰਨ ਤੋਂ ਕਿਨਾਰਾ ਕਰਨ ਦੀ ਸਰਕਾਰੀ ਚਾਲ ਹੈ। ਜੋ ਲਗਾਤਰ ਸਕੂਲਾਂ ਵਿਚੋਂ ਪੋਸਟਾਂ ਖ਼ਤਮ ਕਰ ਕੇ ਸਿੱਖਿਆ ਪ੍ਰਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਵੱਲ ਸਰਕਾਰ ਦਾ ਵਧ ਰਿਹਾ ਹੱਲਾ ਹੈ। ਇਸ ਨੂੰ ਰੋਕਣ ਲਈ ਅਧਿਆਪਕਾਂ ਦੇ ਨਾਲ ਨਾਲ ਮਿਹਨਤਕਸ਼ ਲੋਕਾਂ ਨੂੰ ਵੀ ਲਾਮਬੰਦ ਹੋਣਾ ਪਵੇਗਾ । ਇਸ ਸਮੇਂ ਆਗੂਆਂ ਨੇ ਸਰਕਾਰ ਦੀ ਸਿੱਖਿਆ ਮਾਰੂ ਨੀਤੀ ਅਤੇ ਸਿੱਖਿਆ ਮੰਤਰੀ ਵੱਲੋਂ ਪਿਛਲੇ ਦਿਨੀੰ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਤੋਂ ਬੁਖਲਾਹਟ 'ਚ ਆ ਕੇ ਬੋਲੀ ਅਸੱਭਿਅਕ ਸ਼ਬਦਾਵਲੀ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ 16 ਦਸੰਬਰ ਨੂੰ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ । ਉਨ੍ਹਾਂ ਸਮੁੱਚੇ ਅਧਿਆਪਕਾਂ ਨੂੰ ਵਹੀਰਾਂ ਘੱਤ ਕੇ ਸਕੂਲ ਸਮੇਂ ਤੋਂ ਬਾਅਦ ਸਿੱਧਾ ਟੀਚਰਜ਼ ਹੋਮ ਬਠਿੰਡਾ ਵਿਖੇ ਪਹੁੰਚ ਕੇ ਸਰਕਾਰ ਖਿਲਾਫ਼ ਰੋਹ ਦਾ ਪ੍ਰਗਟਾਵਾ ਕਰਨ ਦੀ ਸੱਦਾ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਪਰਵਿੰਦਰ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਬਲਵਿੰਦਰ ਸ਼ਰਮਾ, ਸਹਾਇਕ ਸਕੱਤਰ ਗੁਰਪ੍ਰਰੀਤ ਖੇਮੂਆਣਾ, ਬਲਾਕ ਮੌੜ ਦੇ ਪ੍ਰਧਾਨ ਅੰਗਰੇਜ ਸਿੰਘ ਸੀਐੱਚਟੀ, ਬਲਾਕ ਬਠਿੰਡਾ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਬਲਾਕ ਸੰਗਤ ਦੇ ਪ੍ਰਧਾਨ ਰਤਨਜੋਤ ਸ਼ਰਮਾ, ਬਲਾਕ ਤਲਵੰਡੀ ਸਾਬੇ ਦੇ ਪ੍ਰਧਾਨ ਭੋਲਾ ਰਾਮ, ਬਲਾਕ ਭਗਤਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਜਲਾਲ, ਬਲਾਕ ਗੋਨਿਆਨਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿਰਕ, ਜ਼ਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਬੌਕਸਰ, ਬਲਜਿੰਦਰ ਕੌਰ, ਹਰਮਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।