ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:49) ਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਬਿਜਲੀ ਕਾਮਿਆਂ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਫ਼ਤਰ ਅੱਗੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ।

ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਟੀਐੱਸਯੂ ਦੇ ਪ੍ਰਧਾਨ ਜਰਨੈਲ ਸਿੰਘ, ਸਕੱਤਰ ਸੁਖਵੀਰ ਸਿੰਘ, ਵਿੱਤ ਸਕੱਤਰ ਸੁਖਚੈਨ ਸਿੰਘ ਅਤੇ ਹੋਰ ਯੂਨੀਅਨ ਮੈਂਬਰਾਂ ਨੇ ਕੀਤਾ। ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੁਨੀਅਨ ਦੇ ਸੂਬਾ ਪ੍ਰਧਾਨ ਰਾਜੇਸ਼ ਕੁਮਾਰ, ਡਵੀਜ਼ਨ ਪ੍ਰਧਾਨ ਸੁਖਪਾਲ ਸਿੰਘ, ਮੀਤ ਪ੍ਰਧਾਨ ਨੰਦ ਲਾਲ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਬਿਜਲੀ ਬਿੱਲ 2020 ਰੱਦ ਕਰਵਾਉਣ, ਸਰਕਾਰੀ ਥਰਮਲ ਚਾਲੂ ਕਰਵਾਉਣ, ਬਠਿੰਡਾ ਥਰਮਲ ਦੀ 1764 ਏਕੜ ਬੇਸ਼ਕੀਮਤੀ ਜ਼ਮੀਨ ਵੇਚਣ ਦਾ ਫ਼ੈਸਲਾ ਰੱਦ ਕਰਵਾਉਣ, ਬਿਜਲੀ ਸੋਧ ਬਿੱਲ 2020 ਵਾਪਸ ਕਰਵਾਉਣ, ਡਿਸਮਿਸ ਆਗੂਆਂ ਨੂੰ ਬਹਾਲ ਕਰਵਾਉਣ ਕੱਚੇ ਕਾਮੇ ਪੱਕੇ ਕਰਵਾਉਣ, ਸੀਐੱਚਬੀ, ਠੇਕਾ ਕਾਮਿਆਂ ਦੀਆਂ ਛਾਂਟੀਆਂ ਬੰਦ ਕਰਵਾਉਣ, ਤਨਖ਼ਾਹਾਂ ਸਮੇਂ ਸਿਰ ਦੇਣਾ ਯਕੀਨੀ ਬਣਾਉਣ ਲਈ, ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਖ਼ਿਲਾਫ਼ ਝੂਠੇ ਪਰਚੇ ਰੱਦ ਕਰਵਾਉਣ ਤੇ ਬਿਜਲੀ ਕਾਮਿਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਵਾਉਣ ਲਈ, ਖੇਤੀ ਵਿਰੋਧੀ ਤਿੰਨ ਆਰਡੀਨੈਂਸ, ਬਿਜਲੀ ਸੋਧ ਬਿੱਲ ਤੇ ਮੈਕਰੋਫਾਈਨਾਸ ਕੰਪਨੀਆਂ ਖ਼ਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ਦੇ ਚੱਲ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਅਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ।

ਆਗੂਆਂ ਨੇ ਕਿਹਾ ਕਿ ਅੱਜ ਜਦੋਂ ਸਾਰਾ ਮੁਲਕ ਕੋਵਿਡ-19 ਮਹਾਂਮਾਰੀ ਨਾਲ ਜੂਝ ਰਿਹਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਪੀੜਤ ਲੋਕਾਂ ਨੂੰ ਕੋਈ ਰਾਹਤ ਪਹੁੰਚਾਉਣ ਦੀ ਬਜਾਏ ਮਹਾਂਮਾਰੀ ਦੀ ਆੜ ਵਿਚ ਮੁਲਾਜ਼ਮ ਤੇ ਲੋਕ ਵਿਰੋਧੀ ਫ਼ੈਸਲੇ ਲੈ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਬਿਜਲੀ ਬਿੱਲ 2020 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਵੰਡ ਖੇਤਰ ਦਾ ਮੁਕੰਮਲ ਨਿੱਜੀਕਰਨ ਹੋ ਜਾਵੇਗਾ, ਬਿਜਲੀ ਸਬਸਿਡੀ ਦਾ ਖਾਤਮਾ ਹੋ ਜਾਵੇਗਾ, ਗ਼ਰੀਬ ਲੋਕਾਂ ਲਈ ਬਿਜਲੀ ਮਹਿੰਗੀ ਤੇ ਅਮੀਰਾਂ ਲਈ ਸਸਤੀ ਹੋ ਜਾਵੇਗੀ, ਨਿੱਜੀ ਬਿਜਲੀ ਕੰਪਨੀਆਂ ਵੱਲੋਂ ਖਜ਼ਾਨੇ ਤੇ ਮਾਰੇ ਜਾਂਦੇ ਡਾਕੇ ਨੂੰ ਕਾਨੂੰਨੀ ਵਾਜਬੀਅਤ ਮਿਲ ਜਾਵੇਗੀ। ਸਰਕਾਰੀ ਥਰਮਲ ਬੰਦ ਕਰਨ ਤੇ ਬਠਿੰਡਾ ਥਰਮਲ ਦੀ ਜ਼ਮੀਨ ਵੇਚਣ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਸਾਲ 2010 'ਚ ਅਕਾਲੀ ਭਾਜਪਾ ਸਰਕਾਰ ਵੱਲੋਂ ਬਿਜਲੀ ਬੋਰਡ ਭੰਗ ਕਰਕੇ ਨਿੱਜੀ ਬਿਜਲੀ ਕੰਪਨੀਆਂ ਨਾਲ ਲੋਕ ਦੋਖੀ ਬਿਜਲੀ ਖਰੀਦ ਸਮਝੌਤੇ ਕੀਤੇ ਗਏ। ਇਨ੍ਹਾਂ ਸਮਝੌਤਿਆਂ ਤਹਿਤ ਹਜ਼ਾਰਾਂ ਕਰੋੜਾਂ ਰੁਪਏ ਬਿਨਾਂ ਬਿਜਲੀ ਖਰੀਦਿਆਂ ਨਿੱਜੀ ਕੰਪਨੀਆਂ ਨੂੰ ਲੁਟਾਏ ਗਏ, ਨਿੱਜੀ ਬਿਜਲੀ ਕੰਪਨੀਆਂ ਤੋਂ ਮਹਿੰਗੀ ਬਿਜਲੀ ਖਰੀਦਕੇ ਸਰਕਾਰੀ ਬਿਜਲੀ ਕੰਪਨੀਆਂ ਦਾ ਘਾਟਾ ਵਧਾਇਆ ਗਿਆ। ਹੁਣ ਕਾਂਗਰਸ ਸਰਕਾਰ ਵੱਲੋਂ ਘਾਟਾ ਦੂਰ ਕਰਨ ਦੇ ਬਹਾਨੇ ਹੇਠ ਸਰਕਾਰੀ ਥਰਮਲ ਬੰਦ ਕਰਨ ਅਤੇ ਬਠਿੰਡਾ ਥਰਮਲ ਦੀ ਜ਼ਮੀਨ ਵੇਚਣ ਦੇ ਫ਼ੈਸਲੇ ਕੀਤੇ ਜਾ ਰਹੇ ਹਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮ ਅਤੇ ਲੋਕ ਦੋਖੀ ਫੈਸਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦਿਨ ਸਰੀਰਕ ਦੂਰੀ ਬਣਾਕੇ ਰੱਖਣ ਦਾ ਧਿਆਨ ਰੱਖਿਆ ਜਾਵੇਗਾ