ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਕੰਟਰੈਕਟ ਮਲਟੀਪਰਪਜ਼ (ਫੀਮੇਲ) ਯੂਨੀਅਨ ਪੰਜਾਬ ਵਲੋਂ ਬਣਾਈ 'ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ' ਦੇ ਬੈਨਰ ਹੇਠ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ 'ਚ ਯੂਨੀਅਨ ਦੇ ਗਗਨਦੀਪ ਸਿੰਘ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਸਿਹਤ ਮੰਤਰੀ ਪੰਜਾਬ ਨੂੰ ਸਿਵਲ ਸਰਜਨ ਰਾਹੀਂ ਮੰਗ ਪੱਤਰ ਭੇਜ ਕੇ ਆਪਣੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਰੱਖੀ। ਮੁਲਾਜ਼ਮਾਂ ਨੇ ਇਸ ਦੌਰਾਨ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ।

ਸਿਹਤ ਮਹਿਕਮੇ ਦੇ ਧਰਨਾ ਦੇ ਰਹੇ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਦਾ ਕਾਮਿਆਂ ਵਲੋਂ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਅਤੇ ਇਸ ਧੱਕੇਸ਼ਾਹੀ ਨੂੰ ਹਰਗਿਜ਼ ਬਰਦਾਸ਼ਤ ਨਾ ਕਰਨ ਦੀ ਗੱਲ ਆਖੀ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਮਸਲਿਆਂ ਦਾ ਜਲਦ ਤੋਂ ਜਲਦ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਹੱਲ ਕੱਢੇ। ਆਪਣੇ ਮੰਗ ਪੱਤਰ ਰਾਹੀਂ ਉਨ੍ਹਾਂ ਦੱਸਿਆ ਕਿ ਐੱਨਐੱਚਐੱਮ, 2211 ਅਤੇ ਠੇਕਾ ਅਧਾਰਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪੱਕੇ ਕਰਨਾ, 1263 ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪ੍ਰਵੇਸ਼ਨ ਪੀਰੀਅਡ 2 ਸਾਲ ਕਰਨਾ ਅਤੇ ਕੋਵਿਡ-19 ਦੌਰਾਨ ਮਲਟੀਪਰਪਜ਼ ਕਾਮਿਆਂ ਵਲੋਂ ਨਿਭਾਈ ਭੂਮਿਕਾ ਬਦਲੇ ਸਮੁੱਚੇ ਕੇਡਰ ਨੂੰ ਸਪੈਸ਼ਲ ਇੰਕਰੀਮੈਂਟ ਦੇਣਾ ਦਰਜ ਹਨ।

ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿਹਤ ਮਹਿਕਮੇ ਵਿਚ ਕੰਮ ਕਰਦੇ ਸਿਹਤ ਕਾਮਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਨਵੇਂ ਰੂਪ 'ਚ ਮਹਿਕਮੇ ਵਿਚ ਪੱਕੇ ਤੌਰ 'ਤੇ ਭਰਤੀ ਕੀਤੀ ਜਾ ਰਹੀ ਹੈ, ਜਦੋਂਕਿ ਸਿਹਤ ਮਹਿਕਮੇ 'ਚ 12-12 ਸਾਲ ਦੀਆਂ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਆਪਣੀਆਂ ਮੰਗਾਂ ਦੇ ਜਲਦ ਸਰਕਾਰ ਵਲੋਂ ਸੁਣਵਾਈ ਹੋਣ ਦੀ ਆਸ ਲਾਈ ਬੈਠੀਆਂ ਹਨ।

ਇਹੀ ਕਾਰਨ ਹੈ ਕਿ ਸਿਹਤ ਕਾਮਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਦਾ ਬਿਗਲ ਵਜਾਉਣਾ ਪੈ ਰਿਹ ਹੈ। ਮਲਟੀਪਰਪਜ਼ ਕਾਮਿਆਂ ਨੇ ਗਰਭਵਤੀ ਮਾਵਾਂ ਦੇ ਟੀਕਾਕਰਨ ਤੋਂ ਲੈ ਕੇ ਬੱਚਿਆਂ ਦੇ ਟੀਕਾਕਰਨ ਤੱਕ ਵੱਡੀਆਂ ਸਿਹਤ ਸਹੂਲਤਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਅਤੇ ਸਰਕਾਰ ਦੀ ਇਸ ਲਈ ਸ਼ਲਾਘਾ ਹੋ ਰਹੀ ਹੈ। ਪਰ ਸਰਕਾਰ ਵਲੋਂ ਕਾਮਿਆਂ ਨੂੰ ਹੌਂਸਲਾ ਦੇਣ ਦੀ ਬਜਾਏ ਸਿਹਤ ਸੇਵਾਵਾਂ ਨੂੰ ਖਾਤਮੇ ਵੱਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੇ ਵੱਡੀ ਜ਼ਿੰਮੇਵਾਰੀ ਨਾਲ ਕੰਮ ਕਰਦਿਆਂ ਭੂਮਿਕਾ ਨਿਭਾਈ ਹੈ।

ਸਰਕਾਰ ਵਲੋਂ ਜਿੰਨੀ ਤਨਖ਼ਾਹ ਇਨ੍ਹਾਂ ਨੂੰ ਦਿੱਤੀ ਜਾ ਰਹੀ ਹੈ, ਇੰਨੀ ਕੁ ਤਨਖ਼ਾਹ ਨਾਲ ਘਰਾਂ ਦੇ ਚੁੱਲ੍ਹੇ ਵੀ ਬਲਣੇ ਮੁਸ਼ਕਿਲ ਹਨ। ਸਮੇਂ ਸਮੇਂ 'ਤੇ ਸਿਹਤ ਕਾਮਿਆਂ ਦੀ ਤਨਖ਼ਾਹ 'ਤੇ ਕੱਟ ਲਾਉਣ ਲਈ ਕਦੇ ਕੱਚੇ ਕਾਮਿਆਂ ਦਾ ਲੈਵਲ ਲਾ ਕੇ ਤੇ ਕਦੇ ਪ੍ਰਵੇਸ਼ਨ ਪੀਰੀਅਡ ਦੀ ਸ਼ਰਤ ਲਾ ਕੇ ਇਨ੍ਹਾਂ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ।

ਸੰਘਰਸ਼ ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜਿੰਨੀ ਦੇਰ ਤਕ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਪ੍ਰਵੇਸ਼ਨ ਪੀਰੀਅਡ ਦੀ ਸ਼ਰਤ 2 ਸਾਲ ਨਹੀਂ ਕੀਤੀ ਜਾਂਦੀ ਤੇ ਸਮੁੱਚੇ ਕੇਡਰ ਨੂੰ ਸਪੈਸ਼ਲ ਇੰਕਰੀਮੈਂਟ ਨਹੀਂ ਦਿੱਤਾ ਜਾਂਦਾ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਹੋਰ ਵੱਡਾ ਤੇ ਭਖਵਾਂ ਰੂਪ ਦਿੱਤਾ ਜਾਵੇਗਾ। ਇਸ ਦੌਰਾਨ ਗਗਨਦੀਪ ਸਿੰਘ ਬਠਿੰਡਾ, ਜਸਵਿੰਦਰ ਸ਼ਰਮਾ, ਰਣਜੀਤ ਕੌਰ, ਵੀਰਪਾਲ ਕੌਰ, ਭੁਪਿੰਦਰ ਨਥਾਣਾ, ਸ਼ਿਵਰਾਜ ਕੌਰ, ਹਰਜਿੰਦਰ ਕੌਰ, ਮਨਜੀਤ ਕੌਰ, ਰਾਮ ਕੁਮਾਰੀ, ਰਵਨੀਤ ਕੌਰ, ਅਮਰਜੀਤ ਕੌਰ, ਪਰਮਿੰਦਰ ਕੌਰ, ਗੁਰਜੀਤ ਸਿੰਘ ਤਲਵੰਡੀ, ਰਾਜੇਸ਼ ਕੁਮਾਰ ਮੌੜ, ਰਾਜਵਿੰਦਰ ਸਿੰਘ ਰਾਜੂ, ਸਤੀਸ਼ ਕੁਮਾਰ, ਮੇਵਾ ਸਿੰਘ, ਓਮ ਪ੍ਰਕਾਸ਼ ਸੰਗਤ, ਲਖਵੀਰ ਸਿੰਘ, ਪਰਮਿੰਦਰ ਸਿੰਘ, ਗੁਰਮੀਤ ਸਿੰਘ, ਜਸਮੀਨ ਕੌਰ, ਸੁਰਜੀਤ, ਸਤਵੰਤ ਸ਼ਰਮਾ, ਗਰਪ੍ਰਰੀਤ ਸਿੰਘ, ਸੁਖਦੇਵ ਸਿੰਘ, ਪੂਰਨ ਸਿੰਘ, ਗੁਲਸ਼ਨ ਖਾਂ, ਲਛਮਣ ਸਿੰਘ ਤੇ ਹੋਰ ਮੌਜੂਦ ਸਨ।