ਢੀਂਗਰਾ, ਭਾਈਰੂਪਾ : ਆਲ ਇੰਡੀਆ ਕਿਸਾਨ ਸੰਘਰਸ ਤਾਲਮੇਲ ਕਮੇਟੀ ਦੇ ਸੱਦੇ 'ਤੇ ਕ੍ਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਕੋਰੋਨਾ ਮਹਾਮਾਰੀ ਕਰਕੇ ਕੀਤੇ ਗਏ ਲਾਕਡਊਨ ਦੌਰਾਨ ਵੀ ਲੋਕਾਂ ਲਈ ਅੰਨ ਦੇ ਗੋਦਾਮ ਵਾਲੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੋਟਰ ਸਾਈਕਲ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਗੁੰਮਟੀ ਕਲਾਂ, ਸੁਖਦੇਵ ਸਿੰਘ ਢਪਾਲੀ, ਇੰਦਰਜੀਤ ਜਲਾਲ, ਸੁਖਦੇਵ ਸਿੰਘ ਭਾਈਰੂਪਾ, ਮਲਕੀਤ ਸਿੰਘ ਭਾਈਰੂਪਾ, ਗੁਣਤਾਰ ਸਿੰਘ ਗੁੰਮਟੀ, ਆਤਮਾ ਸਿੰਘ ਭਾਈਰੂਪਾ, ਨੱਛਤਰ ਸਿੰਘ, ਬਹਾਦਰ ਸਿੰਘ ਜਲਾਲ, ਨੋਟਾ ਸਿੰਘ ਭੋਡੀਪੁਰਾ, ਹਰਦੇਵ ਸਿੰਘ ਹਾਕਮਵਾਲਾ, ਗੁਰਦਿੱਤ ਸਿੰਘ, ਮੱਖਣ ਸਿੰਘ, ਗੁਰਤੇਜ ਸਿੰਘ ਗੁੰਮਟੀ ਕਲਾਂ, ਗੁਰਤੇਜ ਢਪਾਲੀ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਸਾਨ-ਮਜ਼ਦੂਰ ਨੂੰ ਕਰੋਨਾ ਦੌਰਾਨ ਅੰਨ ਦੀ ਗਰੰਟੀ ਕਰਨ ਵਾਲੇ ਯੋਧੇ ਦੱਸਿਆ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਿਸਾਨ 'ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਕ੍ਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਭਾਜਪਾ ਸਰਕਾਰ ਦੇ ਵਿੱਤ ਮੰਤਰੀ ਸੀਤਾ ਰਮਨ ਵੱਲੋਂ ਕਿਸਾਨਾਂ ਲਈ ਐਲਾਨ ਕੀਤੇ ਗਏ ਪੈਕੇਜ ਨੂੰ ਕਿਸਾਨਾਂ ਵਾਸਤੇ ਬਿਲਕੁਲ ਕੋਝਾ ਮਜ਼ਾਕ ਅਤੇ ਧੋਖਾ ਦਸਦਿਆਂ ਕਿਹਾ ਕਿ ਸਾਡੀ ਕਿਸਾਨ ਜਥੇਬੰਦੀ ਆਪਣੇ ਤੌਰ 'ਤੇ ਵੀ ਅਤੇ ਵੱਖ ਵੱਖ ਜਥੇਬੰਦੀਆਂ ਨਾਲ ਮਿਲ ਕੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਮੰਗ ਕਰਦੀ ਆ ਰਹੀ ਹੈ ਕਿ ਕਿਸਾਨਾਂ ਨੂੰ ਕਰੋਨਾ ਲਾਕਡਾਊਨ ਦੇ ਇਵਜ਼ 'ਚ ਪ੍ਰਤੀ ਪਰਿਵਾਰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਇਸੇ ਤਰ੍ਹਾਂ ਪੀਐੱਮ ਕਿਸਾਨ ਯੋਜਨਾ ਦੇ ਜ਼ਰੀਏ 6 ਹਜ਼ਾਰ ਰੁਪਏ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ, ਨੂੰ ਵਧਾ ਕੇ 18 ਹਜ਼ਾਰ ਰੁਪਏ ਪ੍ਰਤੀ ਸਾਲ ਕਿਸਾਨ ਪਰਿਵਾਰ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੇ ਕਰਜ਼ਿਆਂ ਦੇ 'ਤੇ ਲੀਕ ਮਾਰੀ ਜਾਵੇ, ਘੱਟੋ ਘੱਟ ਇਸ ਿਛਮਾਹੀ ਦੇ ਕਰਜ਼ੇ ਖ਼ਤਮ ਕਰਕੇ ਸਾਉਣੀ ਦੇ ਕਰਜ਼ੇ ਦੇਣ ਦੀ ਗਰੰਟੀ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਮੀਂਹ, ਗੜੇਮਾਰੀ ਅਤੇ ਝੱਖੜਾਂ ਨੇ ਉਨ੍ਹਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਪਰ ਕਿਸੇ ਨੇ ਵੀ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਦਾ ਐਲਾਨ ਨਹੀਂ ਕੀਤਾ। ਯੂਨੀਅਨ ਨੇ ਮੰਗ ਕੀਤੀ ਕਿ ਕੁਦਰਤ ਦੀ ਕਰੋਪੀ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।