ਹਰਕ੍ਰਿਸ਼ਨ ਸ਼ਰਮਾ, ਬਿਠੰਡਾ : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਬਿਠੰਡਾ ਵਿਚ ਬੀੜ ਤਲਾਬ ਕਮੇਟੀ ਵਲੋਂ ਆਪਣੇ ਮਸਲਿਆਂ 'ਤੇ ਅਵਾਜ਼ ਬੁਲੰਦ ਕਰਦਿਆਂ ਅੱਜ ਵਣ ਰੇਂਜ਼ ਬੀੜ ਤਲਾਬ ਬਿਠੰਡਾ ਦੇ ਵਣ ਰੇਂਜ਼ ਅਫ਼ਸਰ ਦੇ ਬਿਠੰਡਾ ਸਥਿਤ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ। ਧਰਨੇ ਵਿਚ ਜੰਗਲਾਤ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਜੱਸੀ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਜ਼ਿਲ੍ਹਾ ਅਤੇ ਸੂਬਾਈ ਆਗੂ ਕਿਸ਼ੋਰ ਚੰਦ ਗਾਜ਼, ਸੁਖਚੈਨ ਸਿੰਘ, ਗੁਰਦੀਪ ਸਿੰਘ ਨੇ ਸ਼ਿਕਰਤ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਅੰਮਿ੍ਰਤਪਾਲ ਸਿੰਘ, ਖਜ਼ਾਨਚੀ ਜਸਵਿੰਦਰ ਸਿੰਘ, ਜਗਜੀਤ ਸਿੰਘ ਬੀੜ ਤਲਾਬ, ਕਰਮਜੀਤ ਸਿੰਘ ਪ੍ਰਧਾਨ ਰੇਂਜ਼ ਬਿਠੰਡਾ ਅਤੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ ਨੇ ਸੰਬੋਧਨ ਕਰਦਿਆਂ ਕਿ ਉਨ੍ਹਾਂ ਦੀਆਂ ਲੰਬੇ ਸਮੇਂ ਦੀਆਂ ਪਈਆਂ ਮੰਗਾਂ ਨੂੰ ਮੰਨਵਾਉਣ ਲਈ ਲਗਾਤਾਰ ਉਨ੍ਹਾਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਸੰਘਰਸ਼ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਕੱਚੇ ਕਾਮੇ ਪੱਕੇ ਕੀਤੇ ਜਾਣ, ਸੀਨੀਅਰਤਾ ਸੂਚੀ ਮੁਕੰਮਲ ਕੀਤੀ ਜਾਵੇ, ਬਰਾਬਰ ਕੰਮ, ਬਰਾਬਰ ਤਨਖ਼ਾਹ ਦਾ ਫ਼ੈਸਲਾ ਲਾਗੂ ਕੀਤਾ ਜਾਵੇ, ਰੁਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਤਨਖ਼ਾਹਾਂ ਹਰ ਮਹੀਨੇ ਸਮੇਂ ਸਿਰ ਦਿੱਤੀਆਂ ਜਾਣ, ਵਰਦੀਆਂ ਦੀ ਅਦਾਇਗੀ ਕੀਤੀ ਜਾਵੇ, ਕੱਚੇ ਕਾਮਿਆਂ ਤੇ ਈਪੀਐਫ਼ ਅਤੇ ਈਐਸਆਈ ਸਕੀਮ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 18 ਨਵੰਬਰ ਤੋਂ 23 ਨਵੰਬਰ 2019 ਤੱਕ ਇਹ ਮੰਗ ਪੱਤਰ ਦਿੱਤੇ ਜਾਣੇ ਹਨ ਅਤੇ ਇਸੇ ਤਹਿਤ ਅੱਜ ਵਣ ਰੇਂਜ਼ ਅਫ਼ਸਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਧਰਨਾ ਲਾਇਆ ਗਿਆ ਹੈ। ਵਣ ਰੇਂਜ ਅਫ਼ਸਰ ਵਲੋਂ ਮੰਗ ਪੱਤਰ ਲੈ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਤੋਂ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਤੇਜ਼ ਕਰਨਗੇ।