ਹਰਮੇਲ ਸਾਗਰ, ਭੁੱਚੋ ਮੰਡੀ : ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਕਾਨੂੰਨਾਂ ਦੇ ਵਿਰੋਧ 'ਚ 31 ਕਿਸਾਨ ਜਥੇਬੰਦੀਆਂ ਵੱਲੋਂ ਅਣਮਿਥੇ ਸਮੇਂ ਲਈ ਵਿੱਢੇ ਗਏ ਸੰਘਰਸ਼ ਦੌਰਾਨ ਅੱਜ ਭੁੱਚੋ ਖੇਤਰ ਵਿਚ ਵੱਖ-ਵੱਖ ਤਿੰਨ ਥਾਵਾਂ 'ਤੇ ਅਣਮਿਥੇ ਸਮੇਂ ਲਈ ਲਾਏ ਗਏ ਧਰਨੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਮਾਲ, ਪੈਟਰੋਲ ਪੰਪ ਅੰਦਰ ਕਿਸੇ ਵੀ ਵਿਅਕਤੀ ਨੂੰ ਆਉਣ-ਜਾਣ ਨਹੀਂ ਦਿੱਤਾ ਗਿਆ ਤੇ ਟੋਲ ਪਲਾਜ਼ਾ 'ਤੇ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿਤੀ ਗਈ। ਇਹ ਪੱਕੇ ਧਰਨੇ ਟੋਲ ਪਲਾਜ਼ਾ ਲਹਿਰਾ ਬੇਗਾ, ਰਿਲਾਇੰਸ ਪੈਟਰੋਲ ਪੰਪ ਲਹਿਰਾ ਬੇਗਾ ਅਤੇ ਬੈਸਟ ਪ੍ਰਰਾਈਜ਼ ਮਾਲ ਭੁੱਚੋ ਖੁਰਦ ਵਿਖੇ ਲਾਏ ਗਏ ਹਨ। ਇਸ ਦੌਰਾਨ ਟੋਲ ਪਲਾਜਾ ਲਹਿਰਾ ਬੇਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਾਰਜਕਾਰਨੀ ਸਕੱਤਰ ਹਰਿੰਦਰ ਕੌਰ ਬਿੰਦੂ, ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਪਰਮਜੀਤ ਪਿੱਥੋ ਨੇ ਸੰਬੋਧਨ ਕੀਤਾ। ਰਿਲਾਇੰਸ ਪੈਟਰੋਲ ਪੰਪ ਲਹਿਰਾ ਬੇਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਬਹਾਦਰ ਸਿੰਘ ਨਾਥਪੁਰਾ, ਕਰਨੈਲ ਸਿੰਘ ਨਥਾਣਾ, ਸੁਖਮੰਦਰ ਸਿੰਘ, ਜਗਦੇਵ ਸਿੰਘ ਲਹਿਰਾ ਮੁਹੱਬਤ, ਲਖਵੀਰ ਸਿੰਘ, ਗੁਰਦਾਸ ਸੇਮਾ ਅਤੇ ਇਨਕਲਾਬੀ ਕੇਂਦਰ ਲਹਿਰਾ ਮੁਹੱਬਤ ਤੋਂ ਜਗਜੀਤ ਸਿੰਘ ਨੇ ਸੰਬੋਧਨ ਕੀਤਾ। ਬੈਸਟ ਪ੍ਰਰਾਈਜ਼ ਭੁੱਚੋ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਸਿਮਰਜੀਤ ਸਿੰਘ, ਹੁਸ਼ਿਆਰ ਸਿੰਘ, ਬਲਜੀਤ ਸਿੰਘ ਪੂਹਲਾ, ਅੌਰਤ ਆਗੂ ਕਰਮਜੀਤ ਕੌਰ ਲਹਿਰਾ ਖਾਨਾ, ਜਸਵੀਰ ਕੌਰ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਵਿਰੋਧੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਫਸਲਾਂ ਮਨਮਰਜ਼ੀ ਦੇ ਭਾਅ 'ਤੇ ਲੁੱਟਣ ਦੀ ਖੁੱਲ੍ਹ ਮਿਲ ਗਈ ਹੈ, ਜਿਸ ਨਾਲ ਕਾਰਪੋਰੇਟ ਘਰਾਣਿਆਂ, ਦੇਸ਼ੀ-ਵਿਦੇਸ਼ੀ ਬਹੁਕੌਮੀ ਕੰਪਨੀਆਂ, ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਸਰਮਾਏ ਦੇ ਅੰਬਾਰ ਲੱਗੇ ਹੋਏ ਹਨ, ਵਿਚ ਹੋਰ ਅਥਾਹ ਵਾਧਾ ਹੋਵੇਗਾ। ਆਗੂਆ ਨੇ ਕਿਹਾ ਕਿ ਬਿਜਲੀ ਐਕਟ 2020 ਦੇ ਤਹਿਤ ਸਾਡੇ ਘਰਾਂ ਤੋਂ ਲੈ ਕੇ ਖੇਤਾਂ ਤੱਕ ਬਿਜਲੀ ਐਨੀ ਮਹਿੰਗੀ ਹੋ ਜਾਵੇਗੀ ਕਿ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ।