ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਬਣਾਏ ਤਿੰਨ ਕਾਨੂੰਨਾਂ ਵਿਰੁੱਧ ਚੱਲ ਰਹੇ 31 ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੌਰਾਨ ਕਿਸਾਨਾਂ ਨੇ ਵੀਰਵਾਰ ਨੂੰ ਰੇਲ ਜਾਮ ਦਾ ਤਾਲਮੇਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹੇ ਦੇ ਤਿੰਨ ਥਾਵਾਂ ਤੇ ਸਰਮਾਏਦਾਰਾਂ ਦੇ ਪਟਰੋਲ ਪੰਪਾਂ, ਇੱਕ ਵੱਡੇ ਮਾਲ, ਦੋ ਟੋਲ ਪਲਾਜੇ ਤੇ ਪ੍ਰਰਾਈਵੇਟ ਥਰਮਲ ਅੱਗੇ ਧਰਨੇ ਸ਼ੁਰੂ ਕਰ ਦਿੱਤੇ ਹਨ। ਅੱਜ ਦੇ ਇਕੱਠਾਂ ਨੂੰ ਕਰਦਿਆਂ ਸੂਬਾ ਕਾਰਜਕਾਰਨੀ ਸਕੱਤਰ ਹਰਿੰਦਰ ਕੌਰ ਬਿੰਦੂ, ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੇਗੇਵਾਲਾ, ਜਗਸੀਰ ਸਿੰਘ ਝੁੰਬਾ, ਬਸੰਤ ਸਿੰਘ ਕੋਠਾ ਗੁਰੂ ਅਤੇ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਵਿਰੋਧੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਫਸਲਾਂ ਮਨਮਰਜ਼ੀ ਦੇ ਭਾਅ ਤੇ ਲੁੱਟਣ ਦੀ ਖੁੱਲ੍ਹ ਮਿਲ ਗਈ ਹੈ ਜਿਸ ਨਾਲ ਕਾਰਪੋਰੇਟ ਘਰਾਣਿਆਂ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਸਰਮਾਏ ਦੇ ਅੰਬਾਰ ਲੱਗੇ ਹੋਏ ਹਨ ਹੋਰ ਅਥਾਹ ਵਾਧਾ ਹੋਵੇਗਾ ਅਤੇ ਕਰਜੇ ਥੱਲੇ ਦੱਬੇ ਹੋਏ ਹਨ। ਕਿਸਾਨਾਂ ਮਜ਼ਦੂਰਾਂ ਦੀ ਹਾਲਤ ਹੋਰ ਨਿੱਘਰ ਜਾਵੇਗੀ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਵੱਲੋਂ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਅਤੇ ਇਨ੍ਹਾਂ ਨੂੰ ਹੋਰ ਲੁੱਟ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਅੱਜ ਤੋਂ ਜ਼ਿਲ੍ਹਾ ਬਠਿੰਡਾ ਵੱਲੋਂ ਲਹਿਰਾਬੇਗਾ, ਪਥਰਾਲਾ ਅਤੇ ਰਾਮਪੁਰਾ ਵਿਖੇ ਰਿਲਾਇੰਸ ਕੰਪਨੀ ਦੇ ਪਟਰੋਲ ਪੰਪ ਬੰਦ ਕਰ ਦਿੱਤੇ ਗਏ ਹਨ। ਬਠਿੰਡਾ ਵਿਖੇ ਬੈਸਟ ਪ੍ਰਰਾਈਸ ਦੇ ਵੱਡੇ ਮਾਲ ਨੂੰ ਕਿਸਾਨਾਂ ਨੇ ਧਰਨਾ ਲਗਾ ਕੇ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਲਹਿਰਾ ਬੇਗਾ ਅਤੇ ਜੀਦਾ ਵਿਖੇ ਟੋਲ ਪਲਾਜਾ 'ਤੇ ਪਰਚੀਆਂ ਕੱਟਣੀਆਂ ਬੰਦ ਕਰ ਦਿੱਤੀਆਂ ਅਤੇ ਬਣਾਂਵਾਲੀ ਥਰਮਲ ਪਲਾਂਟ ਅੱਗੇ ਅਣਮਿੱਥੇ ਸਮੇਂ ਲਈ ਧਰਨੇ ਦਿੱਤੇ ਸ਼ੁਰੂ ਕਰ ਦਿੱਤੇ ਹਨ । ਇਸ ਤੋਂ ਇਲਾਵਾ ਪਿੰਡਾਂ 'ਚੋਂ ਧਰਨੇ 'ਤੇ ਜਾਣ ਵੇਲੇ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਬੁੱਤ ਬਣਾ ਕੇ ਸਾੜੇ ਗਏ । ਬੁਲਾਰਿਆਂ ਨੇ ਕਿਹਾ ਕਿ ਉਕਤ ਖੇਤੀ ਆਰਡੀਨੈਂਸ ਕਿਸਾਨਾਂ ਦੀ ਮੌਤ ਦੇ ਵਰੰਟ ਹਨ ਪਰ ਕਈ ਸਿਆਸੀ ਪਾਰਟੀਆਂ ਆਰਡੀਨੈਂਸਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਯਤਨ ਕਰ ਰਹੀਆਂ ਪਰ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਜਿਹੇ ਆਰਡੀਨੈਂਸ ਲਾਗੂ ਨਹੀਂ ਹੋਣ ਦਿੱਤੇ ਜਾਣਗੇ, ਭਾਵੇਂ ਕਿਸਾਨਾਂ ਨੂੰ ਕੋਈ ਕੁਰਬਾਨੀ ਵੀ ਕਰਨੀ ਪਵੇ। ਅੱਜ ਦੇ ਇਕੱਠਾਂ ਨੂੰ ਸੁਖਦੇਵ ਸਿੰਘ ਰਾਮਪੁਰਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਅਮਰੀਕ ਸਿੰਘ ਸਿਵੀਆ, ਕੁਲਵੰਤ ਸਰਮਾ ਰਾਇਕੇ ਕਲਾਂ, ਪਰਮਜੀਤ ਕੌਰ ਪਿੱਥੋ ਨੇ ਵੀ ਸੰਬੋਧਨ ਕੀਤਾ।

ਜਾਰੀ ਕਰਤਾ ਜਸਬੀਰ ਸਿੰਘ ਬੁਰਜ ਸੇਮਾ