ਸੁਖਜਿੰਦਰ ਰੋਮਾਣਾ,ਸੰਗਤ ਮੰਡੀ : ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਸੂਬੇ ਭਰ ਦੇ ਕਿਸਾਨ ਅਤੇ ਮਜਦੂਰ ਸੜਕਾਂ 'ਤੇ ਉਤਰੇ ਹੋਏ ਹਨ ਉੱਥੇ ਅੱਜ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਜੋਧਪੁਰ ਰੋਮਾਣਾ ਵਿਖੇ ਮੌਜੂਦ ਰਿਲਾਇੰਸ ਪੈਟਰੋਲ ਪੰਪ ਨੂੰ ਕਿਸਾਨਾਂ ਨੇ ਘੇਰ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ।

ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ ਵੱਲੋਂ ਪਿੰਡ ਜੋਧਪੁਰ ਰੋਮਾਣਾ ਅਤੇ ਗਹਿਰੀ ਦੇਵੀ ਨਗਰ ਦੇ ਕਿਸਾਨਾਂ ਨੇ ਸਾਂਝੇ ਰੂਪ ਵਿਚ ਉਕਤ ਰਿਲਾਇੰਸ ਪੈਟਰੋਲ ਪੰਪ ਨੂੰ ਘੇਰ ਕੇ ਕੇਂਦਰ ਸਰਕਾਰ ਅਤੇ ਰਿਲਾਇੰਸ ਪੰਪ ਦੇ ਮਾਲਕ ਅੰਬਾਨੀ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਇਲਜਾਮ ਲਾਇਆ ਕਿ ਇਹ ਕਾਲੇ ਕਾਨੂੰਨ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਕਾਰਨ ਹੀ ਲਾਗੂ ਕੀਤੇ ਜਾ ਰਹੇ ਹਨ। ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਇਕਾਈ ਪ੍ਰਧਾਨ ਚਰਨਜੀਤ ਸਿੰਘ ਅਤੇ ਉਪ ਪ੍ਰਧਾਨ ਸੁਖਪਾਲ ਸਿੰਘ ਰੋਮਾਣਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਮਾਰੂ ਨੀਤੀਆਂ ਦੇ ਪਿੱਛੇ ਰਿਲਾਇੰਸ ਵਰਗੇ ਕਾਰਪੋਰੇਟ ਘਰਾਣਿਆਂ ਦਾ ਹੀ ਹੱਥ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸਮ ਖਾਸ ਅਡਾਨੀ ਗਰੁੱਪ ਵੱਲੋਂ ਪੰਜਾਬ ਦੀ ਖੇਤੀ ਵਿਵਸਥਾ ਨੂੰ ਹੜੱਪ ਕਰਨ ਲਈ ਹੀ ਇਹ ਕਾਲੇ ਕਾਨੂੰਨ ਦਬਾਅ ਹੇਠ ਕੇਂਦਰ ਸਰਕਾਰ ਨੇ ਬਣਾਏ ਹਨ, ਜਿਸ ਨਾਲ ਪੰਜਾਬ ਦਾ ਮੰਡੀਕਰਨ ਢਾਂਚਾ ਤਹਿਸ ਨਹਿਸ ਹੋ ਜਾਵੇਗਾ ਤੇ ਕਿਸਾਨ ਖੇਤੀ ਵਿਹੂਣੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸੇ ਦੇ ਤਹਿਤ ਅੱਜ ਰਿਲਾਇੰਸ ਪੰਪਾਂ ਦਾ ਅਤੇ ਜਿਓ ਸੀਮਾ ਦਾ ਬਾਈਕਾਟ ਸੂਬੇ ਭਰ ਵਿਚ ਥਾਂ ਥਾਂ ਕੀਤਾ ਜਾ ਰਿਹਾ ਹੈ।