ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਮੋਦੀ ਸਰਕਾਰ ਵੱਲੋੋਂ ਲੋਕਾਂ ਨੂੰ ਦਿੱਤੇ ਰਾਹਤ ਪੈਕੇਜ ਦਾ ਭਾਂਡਾ ਭੰਨਣ, ਖੇਤੀ ਮੋਟਰਾਂ ਦੇ ਲਾਏ ਜਾ ਰਹੇ ਬਿਜਲੀ ਬਿੱਲ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਬਿਜਲੀ ਨਾਲ ਸਬੰਧਤ ਮਿਲਦੀਆਂ ਤੁੱਛ ਸਹੂਲਤਾਂ ਖੋਹਣ ਲਈ ਚੁੱਕੇ ਜਾ ਰਹੇ ਕਦਮਾਂ ਵਿਰੁੱਧ ਜ਼ਿਲ੍ਹੇ ਅੰਦਰ ਪਾਵਰਕਾਮ ਦੇ ਐਸਸੀ ਦਫਤਰ ਦਾ ਿਘਰਾਓ ਕੀਤਾ ਗਿਆ। ਿਘਰਾਓ ਦੀ ਅਗਵਾਈ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਹਰਿੰਦਰ ਕੌਰ ਬਿੰਦੂ ਤੇ ਜਗਸੀਰ ਸਿੰਘ ਝੁੰਬਾ ਨੇ ਕੀਤੀ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਸਨਅਤੀ ਕਾਮਿਆਂ ਦੀਆਂ ਜਥੇਬੰਦੀਆਂ ਦੇ ਕਾਰਕੁੰਨਾ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤਰ੍ਹਾਂ ਹੀ

ਤਹਿਸੀਲ ਫੂਲ ਵਿਖੇ ਗੁਲਾਬ ਸਿੰਘ ਜਿਉਂਦ ਦੀ ਅਗਵਾਈ 'ਚ ਧਰਨਾ ਲਾ ਕੇ ਪੰਜਾਬ ਸਰਕਾਰ ਦੀ ਪੋਲ ਖੋਲ੍ਹੀ ਗਈ। ਤਲਵੰਡੀ ਸਾਬੋ ਵਿਖੇ ਰਾਜਵਿੰਦਰ ਸਿੰਘ ਰਾਜੂ, ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਵਿਚ ਧਰਨੇ ਲਾਏ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਧਰਨਿਆਂ ਦੌਰਾਨ ਵੱਖ-ਵੱਖ ਥਾਈਂ ਬੁਲਾਰਿਆਂ ਨੇ ਸਰਕਾਰਾਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਰੋਨਾ ਦੇ ਸੰਕਟ ਦੀ ਆੜ ਹੇਠ ਮੋਦੀ ਹਕੂਮਤ ਨੇ ਰਾਹਤ ਦੇਣ ਦਾ ਦੰਭ ਰਚ ਕੇ ਕਿਰਤੀ ਲੋਕਾਂ ਦੇ ਹੱਕਾਂ ਤੇ ਹਿੱਤਾਂ 'ਤੇ ਵੱਡਾ ਵਾਰ ਕੀਤਾ ਹੈ। ਲੋਕਾਂ ਦੇ ਨਾਂ 'ਤੇ ਦੇਸੀ-ਵਿਦੇਸ਼ੀ ਲੁਟੇਰਿਆਂ, ਜੋਕਾਂ ਲਈ ਮੁਲਕ ਦੇ ਸੋਮੇ ਝੋਕ ਦਿੱਤੇ ਹਨ। ਲੋਕਾਂ ਨੂੰ ਪਹਿਲਾਂ ਬੀਮਾਰੀ ਤੇ ਭੁੱਖ ਨਾਲ ਮਰਨ ਮਾਰਨ ਲਈ ਸੁੱਟ ਦਿੱਤਾ ਗਿਆ ਸੀ ਤੇ ਹੁਣ ਅੱਗੇ ਹੋਰ ਤਿੱਖੀ ਲੁੱਟ ਦੇ ਪੇਸ਼ ਪਾ ਦਿੱਤਾ ਗਿਆ ਹੈ, ਜਿਸ ਦੇ ਤਹਿਤ ਖੇਤੀ ਮੋਟਰਾਂ ਦੇ ਬਿੱਲ ਲਾ ਕੇ, ਅਤੇ ਸਰਕਾਰੀ ਖਰੀਦ ਤੋਂ ਭੱਜ ਕੇ ਲੋਕਾਂ ਨੂੰ ਮਿਲਦੀਆਂ ਤੁੱਛ ਸਹੂਲਤਾਂ ਖੋਹਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਹ ਰਾਹ ਨੂੰ ਰੋਕਣ ਲਈ ਕਿਰਤੀ ਲੋਕਾਂ ਨੂੰ ਕਰੜੇ ਸੰਘਰਸ਼ ਦੇ ਰਾਹ ਪੈਣ ਲਈ ਤਿਆਰ ਹੋਣਾ ਪੈਣਾ ਹੈ। ਬੁਲਾਰਿਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀਆਂ ਘਰਾਂ ਨੂੰ ਜਾਣ ਮੌਕੇ 400 ਦੇ ਲੱਗਭੱਗ ਹੋਈਆਂ ਮੌਤਾਂ ਲਈ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਜੇ ਤਕ ਮਿ੍ਤਕ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਨੇ ਫੁੱਟੀ ਕੌਡੀ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਖੇਤੀ ਮੋਟਰਾਂ ਦੇ ਬਿਜਲੀ ਬਿੱਲ ਲਾਏ ਗਏ ਤਾਂ ਪੂਰੇ ਪੰਜਾਬ ਦੇ ਕਿਸਾਨ ਸੜਕਾਂ 'ਤੇ ਉੱਤਰ ਆਉਣਗੇ ਅਤੇ ਸਰਕਾਰ ਨੂੰ ਸਥਿਤੀ ਕਾਬੂ ਕਰਨ ਲਈ ਵੱਡੀ ਮੁਸ਼ਕਿਲ ਆਵੇਗੀ। ਕਿਸਾਨਾਂ ਨੇ ਮੰਗ ਕੀਤੀ ਕਿ ਤੁਰੰਤ ਝੋਨੇ ਦੀ ਬਿਜਾਈ ਕਰਨ ਦੀ ਆਗਿਆ ਦੇ ਕੇ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਡੀਮਾਂਡ ਨੋਟਿਸ ਤੇ ਟੈਸਟ ਰਿਪੋਰਟਰਾਂ ਜਮਾਂ ਕਰਵਾ ਚੁੱਕੇ ਕਿਸਾਨਾਂ ਨੂੰ ਤੁਰੰਤ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਜਾਣ ਅਤੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਕਟੌਤੀ ਤਰੁੰਤ ਬੰਦ ਕੀਤੀ ਜਾਵੇ।