ਸੱਤਪਾਲ ਸਿਵੀਆਂ, ਗੋਨਿਆਣਾ ਮੰਡੀ : ਸਥਾਨਕ ਪਾਵਰਕਾਮ ਸਬ-ਡਵੀਜ਼ਨ ਦੇ ਮੁਲਾਜ਼ਮ ਦਾ ਆਪਣੇ ਐਸਡੀਓ ਨਾਲ ਰੇੜਕਾ ਪੂਰੀ ਤਰ੍ਹਾਂ ਵੱਧ ਗਿਆ ਹੈ। ਇਹ ਰੇੜਕਾ ਸੀਐੱਚਬੀ ਕਾਮੇ ਨੂੰ ਤਨਖਾਹ ਨਾ ਦਿੱਤੇ ਜਾਣ ਤੇ ਮੁਲਾਜ਼ਮਾਂ ਦੀਆਂ ਹੋਰਨਾਂ ਮੰਗਾਂ ਨੂੰ ਐੱਸਡੀਓ ਵੱਲੋਂ ਨਜ਼ਰਅੰਦਾਜ਼ ਕਰਨ ਬਾਅਦ ਵਧਿਆ ਹੈ। ਇਸ ਰੋਸ ਵਜੋਂ ਸ਼ੁਕਰਵਾਰ ਨੂੰ ਪਾਵਰਕਾਮ ਮੁਲਾਜ਼ਮ ਤਾਲਮੇਲ ਕਮੇਟੀ ਦੇ ਝੰਡੇ ਹੇਠ ਐੱਸਡੀਓ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਪ੍ਰਧਾਨ ਰੇਸ਼ਮ ਕੁਮਾਰ, ਸਕੱਤਰ ਹਰਵਿੰਦਰ ਸਿੰਘ ਸੇਖੋਂ ਤੇ ਪ੍ਰਧਾਨ ਰੰਗ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਐੱਸਡੀਓ ਨੂੰ ਕਈ ਵਾਰ ਲਿਖਤੀ ਮੰਗ-ਪੱਤਰ ਦਿੱਤੇ ਗਏ ਹਨ, ਪਰ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ ਤੇ ਨਾ ਹੀ ਮੀਟਿੰਗ ਲਈ ਐੱਸਡੀਓ ਕਮੇਟੀ ਨੂੰ ਕੋਈ ਸਮਾਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸਡੀਓ ਵੱਲੋਂ ਠੇਕਾ ਅਧਾਰਿਤ ਰੱਖੇ ਗਏ ਸੀਐੱਚਬੀ ਕਾਮੇ ਪ੍ਰਭਜਿੰਦਰ ਸਿੰਘ ਦੀ ਤਨਖਾਹ ਵੀ ਰੋਕੀ ਗਈ ਹੈ, ਜਦੋਂਕਿ ਇਹ ਕਾਮਾ ਪਿਛਲੇ ਡੇਢ ਮਹੀਨੇ ਤੋਂ ਮਹਿਕਮੇ 'ਚ ਤੇ ਖੁਦ ਐੱਸਡੀਓ ਨਾਲ ਵੀ ਕੰਮ ਕਰਦਾ ਆ ਰਿਹਾ ਹੈ, ਪਰ ਹੁਣ ਇਸ ਨੂੰ ਕੰਮ 'ਤੇ ਰੱਖਿਆ ਨਾ ਕਹਿਕੇ ਤਨਖਾਹ ਦੇਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਇਸ ਰੋਸ ਵਜੋਂ ਅੱਜ ਉਨ੍ਹਾਂ ਨੂੰ ਐੱਸਡੀਓ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਿਆ ਹੈ। ਸੰਘਰਸ਼ਕਾਰੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਤੋਂ ਮੰਗ ਕੀਤੀ ਕਿ ਉੱਕਤ ਕਾਮੇ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ, ਟੈਕਨੀਕਲ ਕਾਮਿਆਂ ਤੋਂ ਟੈਕਨੀਕਲ ਕੰਮ ਹੀ ਲਿਆ ਜਾਵੇ, ਗੋਨਿਆਣਾ ਸਬ-ਡਵੀਜ਼ਨ ਰਾਹੀਂ ਤਨਖਾਹ ਲੈਣ ਵਾਲੇ ਕਲੈਰੀਕਲ ਕਾਮਿਆਂ ਨੂੰ ਗੋਨਿਆਣਾ ਸਬ-ਡਵੀਜ਼ਨ 'ਚ ਹੀ ਤਾਇਨਾਤ ਕੀਤਾ ਜਾਵੇ, ਫੀਡਰਾਂ ਅਨੁਸਾਰ ਜੇਈਆਂ ਨੂੰ ਜੀਐੱਸਸੀ ਦਿੱਤੀ ਜਾਵੇ ਤੇ ਸੀਐੱਚਬੀ ਕਾਮਿਆਂ ਨੂੰ ਪੂਰਾ ਸਾਲ ਭਰ ਦਾ ਰੁਜ਼ਗਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਉਕਤ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤੇ ਐੱਸਡੀਓ ਵੱਲੋਂ ਮੁਲਾਜ਼ਮਾਂ ਪ੍ਰਤੀ ਆਪਣਾ ਰਵੱਈਆ ਨਹੀਂ ਬਦਲਿਆ ਜਾਂਦਾ, ਓਨਾਂ ਸਮਾਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਜਿੰਦਰ ਸਿੰਘ, ਰੇਸ਼ਮ ਸਿੰਘ ਆਰਏ, ਪ੍ਰਮਿੰਦਰ ਸਿੰਘ, ਗੋਪਾਲ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ ਨੇ ਵੀ ਸਬੋਧਨ ਕੀਤਾ।

--------

ਉੱਕਤ ਕਾਮੇ ਦੀ ਕੋਈ ਅਧਿਕਾਰਤ ਨਿਯੁਕਤੀ ਨਹੀਂ ਹੈ : ਐੱਸਡੀਓ

ਐੱਸਡੀਓ ਜੱਸਾ ਸਿੰਘ ਦਾ ਕਹਿਣਾ ਹੈ ਕਿ ਕਾਮੇ ਪ੍ਰਭਜਿੰਦਰ ਸਿੰਘ ਦੀ ਪਾਵਰਕਾਮ ਜਾਂ ਸਬੰਧਤ ਠੇਕੇਦਾਰ ਕੋਲ ਕੋਈ ਅਧਿਕਾਰਤ ਨਿਯੁਕਤੀ ਨਹੀਂ ਹੈ। ਇਸ ਨੂੰ ਸਬ-ਡਵੀਜ਼ਨ ਮੁਲਾਜ਼ਮਾਂ ਨੇ ਨਿੱਜੀ ਤੌਰ 'ਤੇ ਰੱਖਿਆ ਹੈ, ਜਿਸ ਕਾਰਨ ਉੱਕਤ ਕਾਮੇ ਦੀ ਤਨਖਾਹ ਪਾਵਰਕਾਮ ਵੱਲੋਂ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਬਾਕੀ ਮੰਗਾਂ ਵੀ ਮੱੁਖ ਦਫਤਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਉਕਤ ਕਾਮੇ ਦੇ ਮਸਲੇ ਨੂੰ ਲੈ ਕੇ ਮੁਲਾਜ਼ਮ ਮੈਨੂੰ ਜਾਣ-ਬੱੁਝ ਕੇ ਨਿਸ਼ਾਨਾ ਬਣਾ ਰਹੇ ਹਨ। ਠੇਕੇਦਾਰ ਸੰਦੀਪ ਅਗਰਵਾਲ ਦਾ ਕਹਿਣਾ ਹੈ ਕਿ ਉਕਤ ਕਾਮੇ ਸਬੰਧੀ ਉਨ੍ਹਾਂ ਕੋਲ ਪਾਵਰਕਾਮ ਵੱਲੋਂ ਕੋਈ ਹਾਜ਼ਰੀ ਨਹੀਂ ਭੇਜੀ ਗਈ ਹੈ। ਹਾਜ਼ਰੀ ਭੇਜੀ ਜਾਵੇਗੀ ਤਾਂ ਤਨਖਾਹ ਜਾਰੀ ਕਰਵਾ ਦਿੱਤੀ ਜਾਵੇਗੀ।