ਗੁਰਤੇਜ ਸਿੰਘ ਸਿੱਧੂ, ਬਠਿੰਡਾ : ਬਠਿੰਡਾ ਦਾ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਕਰਨ ਖ਼ਿਲਾਫ਼ ਲੋਕ ਅਧਿਕਾਰ ਲਹਿਰ ਨੇ ਅੱਜ ਰੋਸ ਧਰਨਾ ਦਿੱਤਾ। ਲੋਕ ਲਹਿਰ ਦੇੇ ਵਰਕਰਾਂ ਨੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲਹਿਰ ਦੇ ਆਗੂਆਂ ਰੁਪਿੰਦਰਜੀਤ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪ੍ਰਰਾਈਵੇਟ ਥਰਮਲਾਂ ਨਾਲ ਮਹਿੰਗੇ ਬਿਜਲੀ ਸਮਝੌਤੇ ਕੀਤੇ ਜਿਨ੍ਹਾਂ ਨੂੰ ਕਾਂਗਰਸ ਨੇ ਸਰਕਾਰ ਬਣਨ 'ਤੇ ਰੱਦ ਕਰਨ ਦਾ ਵਾਅਦਾ ਕੀਤਾ ਸੀ। ਹੁਣ ਪੰਜਾਬ ਸਰਕਾਰ ਨੇ ਬਠਿੰਡਾ ਦਾ ਸਰਕਾਰੀ ਥਰਮਲ ਪਲਾਂਟ ਬੰਦ ਕਰ ਕੇ ਅਕਾਲੀ-ਭਾਜਪਾ ਸਰਕਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਥਰਮਲ ਬੰਦ ਨਾ ਕਰਨ ਸਬੰਧੀ ਭਾਵੁਕ ਭਾਸ਼ਨ ਦੇਣ ਵਾਲਾ ਵਿੱਤ ਮੰਤਰੀ ਥਰਮਲ ਬੰਦ ਕਰਨ ਲਈ ਸਭ ਤੋਂ ਮੋਹਰੀ ਰਿਹਾ। ਉਨ੍ਹਾਂ ਕਿਹਾ ਕਿ ਅੱਜ ਦੇ ਇਕੱਠ ਵਿਚ ਪਾਵਰਕਾਮ ਦੇ ਸੇਵਾ ਮੁਕਤ ਦੋ ਚੀਫ਼ ਇੰਜਨੀਅਰ ਤੇ ਇਕ ਡਿਪਟੀ ਚੀਫ਼ ਇੰਜਨੀਅਰ ਵੀ ਸ਼ਾਮਲ ਹੋਏ ਹਨ ਜਿਨ੍ਹਾਂ ਦੱਸਿਆ ਕਿ ਥਰਮਲ ਦੀ ਮੁਰੰਮਤ ਬਾਅਦ ਇਸਦੀ ਮਿਆਦ 2029 ਤਕ ਵਧ ਗਈ ਸੀ ਪਰ ਪ੍ਰਰਾਈਵੇਟ ਥਰਮਲ ਪਲਾਂਟਾਂ ਨੂੰ ਫਾਇਦਾ ਦੇਣ ਲਈ ਇਸ ਨੂੰ ਬੰਦ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪ੍ਰਰਾਈਵੇਟ ਥਰਮਲਾਂ ਨਾਲ ਸਮਝੌਤੇ ਕਰਕੇ ਵੱਡਾ ਆਰਥਿਕ ਅਪਰਾਧ ਕੀਤਾ ਸੀ, ਜਿਸਨੂੰ ਕਾਂਗਰਸ ਸਰਕਾਰ ਕਲੀਨ ਚਿੱਟ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲੋਕ ਅਧਿਕਾਰੀ ਲਹਿਰ ਸਰਦਾਰਾ ਸਿੰਘ ਜੌਹਲ ਦੀ ਅਗਵਾਈ ਹੇਠ ਪੰਜਾਬ ਅੰਦਰ 11 ਨੁਕਾਤੀ ਪ੍ਰਰੋਗਰਾਮ ਲੈ ਕੇ ਪਿੰਡ ਪਿੰਡ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਹੁਣ ਪੰਜਾਬ ਨੂੰ ਕੋਈ ਰਾਜਨੀਤਕ ਪਾਰਟੀ ਜਾਂ ਨੇਤਾ ਨਹੀਂ ਬਚਾ ਸਕਦਾ, ਸਗੋਂ ਪੰਜਾਬ ਨੂੰ ਪੰਜਾਬ ਦੇ ਲੋਕ ਹੀ ਬਚਾਅ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਨਵੰਬਰ ਮਹੀਨੇ 'ਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਬਠਿੰਡਾ ਦਾ ਥਰਮਲ ਪਲਾਂਟ ਬੰਦ ਕਰਕੇ ਵਿੱਤ ਮੰਤਰੀ ਨੇ ਮਾਲਵਾ ਖੇਤਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ।