ਖੇਤਰੀ ਪ੍ਰਤੀਨਿਧ, ਬਠਿੰਡਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੌਰਾਨ ਦਿੱਲੀ 'ਚ ਹੋਏ ਦੰਗਿਆਂ ਦੇ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਦੀ ਯੁਵਾ ਇਕਾਈ ਦੁਆਰਾ ਕੇਜਰੀਵਾਲ ਸਰਕਾਰ ਦਾ ਪੁਤਲਾ ਫੂਕਿਆ ਗਿਆ। ਭਾਰਤੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਆਸ਼ੂਤੋਸ਼ ਤਿਵਾੜੀ ਨੇ ਕਿਹਾ ਕਿ ਟਰੰਪ ਦੇ ਦੌਰੇ ਦੌਰਾਨ ਦਿੱਲੀ 'ਚ ਹੋਏ ਦੰਗੇ ਇਕ ਸੋਚ ਸਮਝੀ ਸਾਜਿਸ਼ ਹੈ ਤਾਂਕਿ ਭਾਰਤ ਦੀ ਛਵੀ ਦਾ ਬੁਰਾ ਪ੍ਰਭਾਵ ਵਿਦੇਸ਼ੀ ਮਹਿਮਾਨਾਂ 'ਤੇ ਪਏ। ਸਕੱਤਰ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਇਨ੍ਹਾਂ ਦੰਗਿਆਂ 'ਚ ਸਾਜਿਸ਼ ਦੀ ਬੋਅ ਆ ਰਹੀ ਹੈ ਤੇ ਇਸ ਨੂੰ ਰੋਕਣ ਲਈ ਕੇਜਰੀਵਾਲ ਸਰਕਾਰ ਦੁਆਰਾ ਦੋ ਦਿਨ ਤਕ ਮੂਕ ਦਰਸ਼ਕ ਬਣੇ ਰਹਿਣਾ ਤੇ ਕੋਈ ਵੀ ਪ੍ਰਤੀਕ੍ਰਿਆ ਨਾ ਦੇਣਾ ਸ਼ੱਕ ਜ਼ਾਹਿਰ ਕਰਦਾ ਹੈ। ਇਸ ਦੌਰਾਨ ਯੁਵਾ ਮੋਰਚਾ ਦੇ ਮਹਾਂਮੰਤਰੀ ਨੇ ਵੀ ਕੇਜਰੀਵਾਲ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਦੇਸ਼ ਦੀ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਦਿੱਲੀ 'ਚ ਹੋ ਰਹੇ ਦੰਗਿਆਂ ਦੀ ਸੱਚਾਈ ਬਾਹਰ ਲਿਆਉਣ ਲਈ ਸੀਬੀਆਈ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਦੇ ਨਾਂ ਸਾਹਮਣੇ ਲਿਆਂਦੇ ਜਾਣ। ਇਸ ਮੌਕੇ ਯੁਵਾ ਮੋਰਚਾ ਦੇ ਉਪ ਪ੍ਰਧਾਨ ਗਗਨ ਗੋਇਲ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੁਆਰਾ ਕੋਈ ਵੀ ਪ੍ਰਤੀਕ੍ਰਿਆ ਨਾ ਕਰਨ 'ਤੇ ਦਿੱਲੀ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਇਸ ਮੌਕੇ ਪੱਛਮੀ ਮੰਡਲ ਪ੍ਰਧਾਨ ਜੈਯੰਤ ਸ਼ਰਮਾ, ਸਕੱਤਰ ਹਰੀਸ਼ ਕੁਮਾਰ, ਸਾਬਕਾ ਸੈਂਟਰਲ ਮੰਡਲ ਪ੍ਰਧਾਨ ਵਿੰਰੰਦਰ ਸ਼ਰਮਾ, ਅਨਿਲ ਗਰਗ, ਅਸ਼ਵਨੀ ਸ਼ਰਨਾ, ਭਾਰਤ ਭੂਸ਼ਣ ਮਿੱਤਲ, ਯੁਵਾ ਮੋਰਚਾ ਦੇ ਉਪ ਪ੍ਰਧਾਨ ਗਗਨ ਗੋਇਲ, ਮੰਡਲ ਦੇ ਸੁਨੀਲ ਕੁਮਾਰ, ਰਾਮਪੁਕਾਰ ਠਾਕੁਰ, ਅਨੂਪ ਅਰਪਣ ਬਾਗੜੀ, ਰੋਹਿਤ ਅਰੋੜਾ, ਰਮੇਸ਼ ਢੰਡ, ਬਲਜਿੰਦਰ, ਵਿਕਾਸ ਰਵਿੰਦਰ ਕੁਮਾਰ ਆਦਿ ਮੌਜੂਦ ਸਨ।