ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਨਗਰ ਨਿਗਮ ਬਠਿੰਡਾ ਦੇ ਕਾਂਗਰਸੀ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਵੱਲੋਂ ਰਾਤ ਟਿੱਪਰ ਚਾਲਕ ਤੇ ਹੈਲਪਰਾਂ ਨਾਲ ਹੋਈ ਤਕਰਾਰ ਦੇ ਬਾਅਦ ਅੱਜ ਮਾਮਲਾ ਉਦੋਂ ਹੋਰ ਭਖ ਗਿਆ, ਜਦੋਂ ਇਨ੍ਹਾਂ ਘਰਾਂ 'ਚੋਂ ਕੂੜਾ ਚੁੱਕਣ ਵਾਲੇ ਟਿੱਪਰ ਚਾਲਕਾਂ ਤੇ ਹੈਲਪਰਾਂ ਨੇ ਪਹਿਲਾਂ ਥਾਣਾ ਸਿਵਲ ਲਾਈਨ ਤੇ ਿਫ਼ਰ ਨਗਰ ਨਿਗਮ ਗੇਟ ਅੱਗੇ ਧਰਨਾ ਲਾ ਦਿੱਤਾ। ਕਾਫ਼ੀ ਸਮਾਂ ਕੌਂਸਲਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ ਦੇ ਬਾਅਦ ਦੋਨਾਂ ਧਿਰਾਂ 'ਚ ਆਪਸੀ ਗੱਲਬਾਤ ਹੋਣ ਬਾਅਦ ਮਾਮਲਾ ਸ਼ਾਂਤ ਹੋਇਆ।

ਟਿੱਪਰ ਚਾਲਕ ਤੇ ਹੈਲਪਰਾਂ ਦੀ ਯੂਨੀਅਨ ਦੇ ਪ੍ਰਧਾਨ ਰਿੰਕੂ ਨੇ ਇਸ ਮਾਮਲੇ 'ਚ ਕਿਹਾ ਕਿ ਉਨ੍ਹਾਂ ਨਾਲ ਸਰਾਸਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਰਾਤੀ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਵਲੋਂ ਉਨ੍ਹਾਂ ਦੇ ਟਿੱਪਰ ਚਾਲਕ ਤੇ ਦੋ ਹੈਲਪਰਾਂ ਨੂੰ ਬੁਰਾ ਭਲਾ ਬੋਲਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਨਿਗਮ ਦੇ 47 ਦੇ ਕਰੀਬ ਟਿੱਪਰਾਂ 'ਚ ਸ਼ਹਿਰ ਦੇ 65 ਹਜ਼ਾਰ ਘਰਾਂ 'ਚੋਂ ਕੂੜਾ ਇਕੱਠਾ ਕਰਦੇ ਹਨ, ਪਰ ਿਫ਼ਰ ਵੀ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਤੀ ਜਦ ਇਕ ਟਿੱਪਰ 'ਤੇ ਚਾਲਕ ਰਿੰਕੂ ਦੇ ਇਲਾਵਾ ਹੈਲਪਰ ਹੈਪੀ ਤੇ ਸਿਕੰਦਰ ਕੁਝ ਕੂੜੇ ਵਾਲੀਆਂ ਬੋਤਲਾਂ ਨੂੰ ਕਬਾੜੀਏ ਦੇ ਰਹੇ ਸਨ। ਇਸ ਦੌਰਾਨ ਕੌਂਸਲਰ ਰਾਜੂ ਸਰਾਂ ਉਨ੍ਹਾਂ ਨਾਲ ਆ ਕੇ ਖਹਿਬੜ ਪਏ ਤੇ ਬੁਰਾ ਭਲਾ ਬੋਲਣ ਲੱਗੇ। ਉਹ ਚੁੱਪ ਹੀ ਸੀ, ਪਰ ਿਫ਼ਰ ਉਕਤ ਕੌਂਸਲਰ ਨੇ ਟਿੱਪਰ ਦੀ ਚਾਬੀ ਹੀ ਕੱਢ ਲਈ ਅਤੇ ਉਨ੍ਹਾਂ ਦੀ ਵੀਡਿਉ ਵੀ ਬਣਾਉਣ ਲੱਗ ਪਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਧੱਕੇਸ਼ਾਹੀ ਉਨ੍ਹਾਂ ਨਾਲ ਹੁੰਦੀ ਰਹੇਗੀ ਤਾਂ ਉਹ ਕੰਮ ਕਿਸ ਤਰ੍ਹਾਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਵਿਰੁੱਧ ਹੀ ਅੱਜ ਉਨ੍ਹਾਂ ਵੱਲੋਂ ਇਹ ਧਰਨਾ ਲਾਇਆ ਗਿਆ ਹੈ। ਪ੍ਰਧਾਨ ਰਿੰਕੂ ਨੇ ਦੱਸਿਆ ਕਿ ਰਾਜੂ ਸਰਾਂ ਵੱਲੋਂ ਮਾਫ਼ੀ ਮੰਗੇ ਜਾਣ 'ਤੇ ਇਹ ਧਰਨਾ ਚੁੱਕ ਲਿਆ ਗਿਆ ਹੈ। ਇਸ ਮਾਮਲੇ 'ਚ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਧਰਨੇ ਦੇ ਕਾਫ਼ੀ ਸਮੇਂ ਬਾਅਦ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਨਾਲ ਇਨ੍ਹਾਂ ਟਿੱਪਰ ਚਾਲਕਾਂ ਤੇ ਹੈਲਪਰਾਂ ਨਾਲ ਗੱਲਬਾਤ ਹੋਈ। ਇਸ ਦੌਰਾਨ ਦੋਨਾਂ ਧਿਰਾਂ ਵੱਲੋਂ ਆਪਣੀ ਆਪਣੀ ਗੱਲਬਾਤ ਰੱਖਣ 'ਤੇ ਸਮਝੌਤਾ ਹੋਇਆ।

ਇਸ ਮਾਮਲੇ 'ਚ ਦੂਜੇ ਪਾਸੇ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਨੇ ਫ਼ੋਨ 'ਤੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਨੂੰ ਰਾਤੀ ਵਾਰਡ 'ਚੋਂ ਕਿਸੇ ਵਿਅਕਤੀ ਦੁਆਰਾ ਉਨ੍ਹਾਂ ਦੇ ਘਰੋਂ ਕਿਸੇ ਵੀ ਟਿੱਪਰ ਵੱਲੋਂ ਕੂੜਾ ਨਾ ਚੁੱਕਣ ਦੀ ਗੱਲ ਆਖੀ ਗਈ, ਪਰ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਕਿਹਾ ਕਿ ਇਸ ਮਸਲੇ ਦਾ ਸਵੇਰੇ ਹੱਲ ਕਰ ਦੇਵਾਂਗੇ। ਇਸ ਸਮੇਂ ਕੋਈ ਟਿੱਪਰ ਵੀ ਉਨ੍ਹਾਂ ਦੇ ਘਰ ਕੂੜਾ ਚੁੱਕਣ ਨਹੀਂ ਆ ਸਕਦਾ। ਰਾਜੂ ਸਰਾਂ ਨੇ ਦੱਸਿਆ ਕਿ ਉਸੇ ਦੌਰਾਨ ਉਕਤ ਵਿਅਕਤੀ ਨੇ ਦੱਸਿਆ ਕਿ ਕੂੜਾ ਚੁੱਕਣ ਵਾਲਾ ਟਿੱਪਰ ਤਾਂ ਇਸ ਸਮੇਂ ਪਾਵਰ ਹਾਊਸ ਰੋਡ 'ਤੇ ਮੱਛੀ ਚੌਕ ਨੇੜੇ ਕਬਾੜੀਏ ਦੀ ਦੁਕਾਨ 'ਤੇ ਖੜ੍ਹਾ ਹੈ ਤੇ ਰਾਤ ਨੂੰ ਇਹ ਕਿਸ ਤਰ੍ਹਾਂ ਕੂੜਾ ਚੁੱਕਣਗੇ ਦੀ ਗੱਲ ਕਹਿ ਰਹੇ ਹੋ। ਰਾਜੂ ਸਰਾਂ ਨੇ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਉਹ ਮੌਕੇ 'ਤੇ ਗਏ ਤਾਂ ਇਹ ਚਾਲਕ ਤੇ ਦੋ ਹੈਲਪਰ ਟਿੱਪਰ ਲੈ ਕੇ ਉਥੇ ਖੜ੍ਹੇ ਸਨ ਤੇ ਸਾਮਾਨ ਉਤਾਰ ਰਹੇ ਸਨ। ਰਾਜੂ ਸਰਾਂ ਦਾ ਆਖਣਾ ਹੈ ਕਿ ਉਸ ਨੇ ਉਨ੍ਹਾਂ ਨੂੰ ਸਮਝਾਇਆ ਕੇ ਲੋਕਾਂ ਦੇ ਘਰਾਂ 'ਚੋਂ ਕੂੜਾ ਉਹ ਸਮੇਂ ਸਿਰ ਚੁੱਕਣ ਤੇ ਭਵਿੱਖ ਵਿਚ ਅਜਿਹਾ ਨਾ ਕਰਨ। ਕੌਂਸਲਰ ਰਾਜੂ ਸਰਾਂ ਨੇ ਕਿਹਾ ਕਿ ਅੱਜ ਉਕਤ ਵਿਅਕਤੀਆਂ ਵੱਲੋਂ ਇਸ ਤਰ੍ਹਾਂ ਧਰਨਾ ਲਾ ਕੇ ਨਾਅਰੇਬਾਜ਼ੀ ਕਰ ਦਿੱਤੀ।

--------

ਦੋਵਾਂ ਧਿਰਾਂ 'ਚ ਹੋਈ ਗੱਲਬਾਤ ਬਾਰੇ ਨਹੀਂ ਪਤਾ : ਕਮਿਸ਼ਨਰ

ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਦੋਨਾਂ ਧਿਰਾਂ 'ਚ ਹੋਈ ਪੂਰੀ ਗੱਲਬਾਤ ਦਾ ਨਹੀਂ ਪਤਾ, ਪਰ ਦੋਨੋਂ ਧਿਰਾਂ ਦਾ ਆਪਸ ਵਿਚ ਹੀ ਸਮਝੌਤਾ ਹੋ ਗਿਆ।