ਵੀਰਪਾਲ ਭਗਤਾ, ਭਗਤਾ ਭਾਈਕਾ : ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਤੇ ਪੰਜਾਬ 'ਚ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦੇ ਰੋਸ ਵਜੋਂ ਕਾਂਗਰਸ ਸਰਕਾਰ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਸੂਬਾ ਸਰਕਾਰ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।

ਸਥਾਨਕ ਸ਼ਹਿਰ ਦੇ ਸੁਰਜੀਤ ਨਗਰ ਵਿਖੇ ਸਰਪੰਚ ਦਲਜੀਤ ਸਿੰਘ ਸੂਬੇਦਾਰ ਦੀ ਅਗਵਾਈ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜਗਮੋਹਨ ਲਾਲ ਭਗਤਾ ਸਰਕਲ ਪ੍ਰਧਾਨ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਚੋਣਾਂ ਦੌਰਾਨ ਗਰੀਬ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਪਰ ਸੱਤਾ ਸੰਭਾਲਣ ਉਪਰੰਤ ਵਾਅਦੇ ਪੂਰੇ ਕਰਨ ਦੀ ਬਜਾਏ ਪਹਿਲਾਂ ਮਿਲਦੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰ 51 ਹਜ਼ਾਰ ਰੁਪਏ ਦੀ ਸ਼ਗਨ ਸਕੀਮ, ਘਰ-ਘਰ ਨੌਕਰੀ, ਮਕਾਨਾਂ ਦੀ ਉਸਾਰੀ ਲਈ ਪਾਸ ਹੋ ਚੁੱਕੇ ਪੈਸੇ, ਪੈਨਸ਼ਨਾਂ ਆਦਿ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਦੀਆਂ ਕਸਮਾਂ ਖਾਣ ਵਾਲੀ ਕਾਂਗਰਸ ਸਰਕਾਰ ਦੇ ਰਾਜ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਪਿੰਡਾਂ ਵਿਚ ਨਸ਼ਿਆਂ, ਗੁੰਡਾਗਰਦੀ ਅਤੇ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ 'ਚ ਲੋਕਾਂ ਦਾ ਜੀਣਾ ਦੁੱਭਰ ਹੋ ਚੁੱਕਿਆ ਹੈ।

ਇਸ ਮੌਕੇ ਗਗਨਦੀਪ ਸਿੰਘ ਗਰੇਵਾਲ, ਮਨਜੀਤ ਸਿੰਘ ਧੁੰਨਾ, ਸੁਖਜਿੰਦਰ ਸਿੰਘ ਖਾਨਦਾਨ, ਹਰਦੇਵ ਸਿੰਘ ਗੋਗੀ, ਸਤਵਿੰਦਰਪਾਲ ਸਿੰਘ ਪਿੰਦਰ, ਸੇਮੀ ਭਾਈਰੂਪਾ, ਰਘਵੀਰ ਸਿੰਘ ਕਾਕਾ, ਸੁਖਮੰਦਰ ਸਿੰਘ ਸਹੋਤਾ, ਹਰਜਿੰਦਰ ਸਿੰਘ ਐਮਸੀ, ਪੁਨੀਤਪਾਲ ਸਿੰਘ ਗੋਲਾ, ਲਾਲੀ ਸਿੰਘ ਮੈਂਬਰ, ਿਛੰਦਾ ਸਿੰਘ ਮੈਂਬਰ, ਮੰਦਰ ਸਿੰਘ ਮੈਂਬਰ, ਸਹੀ ਰਾਮ, ਰਮਜਾਨ ਖਾਨ, ਪਿਆਰਾ ਸਿੰਘ, ਯਾਦਵਿੰਦਰ ਸਿੰਘ, ਸੁਖਚੈਨ ਸਿੰਘ ਧੁੰਨਾ, ਗੁਰਪ੍ਰਤਾਪ ਸਿੰਘ ਭਗਤਾ, ਹਰਫੂਲ ਸਿੰਘ ਫੂਲਾ ਆਦਿ ਹਾਜ਼ਰ ਸਨ।