ਮੱਖਣ ਸਿੰਘ ਬੁੱਟਰ, ਰਾਮਪੁਰਾ ਫੂਲ : ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ 'ਚ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਕੇ ਮੋਨਟੇਕ ਸਿੰਘ ਆਹਲੂਵਾਲੀਆ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਸਮੇਤ ਹੋਰ ਸਮੂਹ ਬੁਲਾਰਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੀ ਨਿਖੇਧੀ ਕਰਦੇ ਹੋਏ ਯੋਜਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਵੱਲੋਂ ਨਿੱਜੀਕਰਨ ਦੀ ਡੋਜ਼ ਵਧਾਉਣ ਅਤੇ ਬਿਜਲੀ ਸੈਕਟਰ ਦੇ ਆਰਥਿਕ ਸੁਧਾਰਾਂ ਲਈ ਪਬਲਿਕ ਸੈਕਟਰ ਦੇ ਥਰਮਲਾਂ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਨੂੰ ਬੰਦ ਕਰਕੇ ਨਵੇਂ ਸਨਅਤੀ ਪਾਰਕ ਬਣਾਉਣ ਦੀ ਕੀਤੀ ਸਿਫਾਰਸ਼ ਨੂੰ ਲੋਕ-ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮੋਨਟੇਕ ਸਿੰਘ ਆਹਲੂਵਾਲੀਆ ਇਕ ਪੰਜਾਬੀ ਹੁੰਦੇ ਹੋਏ ਵੀ ਪੰਜਾਬ ਦੇ ਲੋਕ ਅਦਾਰਿਆਂ ਨੂੰ ਬੰਦ ਕਰਨ ਦੀਆਂ ਸਿਫਾਰਸ਼ਾਂ ਕਰ ਕੇ ਸਮੂਹ ਪੰਜਾਬੀਆਂ ਨਾਲ ਧ੍ਰੋਹ ਕਮਾ ਰਿਹਾ ਹੈ। ਇਹ ਅਦਾਰੇ ਬੰਦ ਹੋਣ ਨਾਲ ਜਿੱਥੇ ਇਨ੍ਹਾਂ 'ਚ ਨੌਕਰੀ ਕਰਨ ਵਾਲੇ ਕੱਚੇ-ਪੱਕੇ ਮੁਲਾਜ਼ਮਾਂ ਦੇ ਰੁਜ਼ਗਾਰ ਦਾ ਉਜਾੜਾ ਹੋਵੇਗਾ, ਉੱਥੇ ਹੀ ਥਰਮਲਾਂ ਨਾਲ ਲਗਦੇ ਇਲਾਕਿਆਂ ਦੇ ਲੋਕਾਂ ਦੇ ਰੁਜ਼ਗਾਰ ਦਾ ਵੀ ਉਜਾੜਾ ਹੋਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੁਜ਼ਗਾਰ ਦੇ ਸੋਮੇ ਵੀ ਖਤਮ ਹੋਣਗੇ। ਆਗੂਆਂ ਨੇ ਕਿਹਾ ਕਿ ਮੋਨਟੇਕ ਸਿੰਘ ਆਹਲੂਵਾਲੀਆ ਕਾਰਪੋਰੇਟ ਜਗਤ ਦਾ ਪੱਖ ਪੂਰ ਰਿਹਾ ਹੈ ਅਤੇ ਸੂਬਾ ਵਾਸੀਆਂ ਲਈ ਲੋਕ ਵਿਰੋਧੀ ਵਿਉਂਤਾਂ ਘੜ ਰਿਹਾ ਹੈ। ਉਨ੍ਹਾਂ ਕਿਹਾ ਕਿ ਆਹਲੂਵਾਲੀਆ ਨੇ ਕਾਰਪੋਰੇਟ ਘਰਾਣਿਆਂ ਦੇ ਪ੍ਰਰਾਈਵੇਟ ਥਰਮਲਾਂ ਬਾਰੇ ਕੋਈ ਵਿਉਂਤ ਨਹੀਂ ਦੱਸੀ ਅਤੇ ਸੂਬਾ ਵਾਸੀਆਂ ਨੂੰ ਮਿਲ ਰਹੀ ਮੁਫ਼ਤ ਬਿਜਲੀ ਨੂੰ ਮੁਸੀਬਤ ਦੱਸਿਆ ਹੈ। 14 ਲੱਖ ਖੇਤੀ ਟਿਊਵੈੱਲਾਂ ਨੂੰ ਸੂਰਜੀ ਊਰਜਾ 'ਤੇ ਚਲਾਉਣ ਦੀ ਸਿਫਾਰਿਸ਼ ਕਰਕੇ ਕਿਸਾਨਾਂ ਦੀ ਸਵਾ ਲੱਖ ਏਕੜ ਜ਼ਮੀਨ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਇਸ਼ਾਰਾ ਕੀਤਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ ਸਮੇਤ ਜਥੇਬੰਦੀ ਦੇ ਹੋਰ ਸਮੂਹ ਆਗੂ ਹਾਜ਼ਰ ਸਨ।