ਹਰਭਜਨ ਸਿੰਘ ਖਾਲਸਾ, ਤਲਵੰਡੀ ਸਾਬੋ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਵੱਲੋਂ 26-27 ਨਵੰਬਰ ਨੂੰ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਹਰਿਆਣਾ ਦੇ ਕਿਸਾਨਾਂ ਨੂੰ ਲੰਘੇ ਦਿਨ ਹਰਿਆਣਾ ਪੁਲਿਸ ਵੱਲੋਂ ਗਿ੍ਫਤਾਰ ਕਰਨ ਦੀਆਂ ਸਾਹਮਣੇ ਆਈਆਂ ਖਬਰਾਂ ਉਪਰੰਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵਿਰੋਧ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ।

ਸਬ ਡਵੀਜਨ ਦੇ ਪਿੰਡ ਜੋਗੇਵਾਲਾ ਅਤੇ ਸਬ ਡਵੀਜਨ ਦੇ ਨਾਲ ਲੱਗਦੇ ਮਾਨਸਾ ਜ਼ਿਲ੍ਹੇ ਦੇ ਬਣਾਂਵਾਲੀ ਵਿਖੇ ਬਣੇ ਪ੍ਰਰਾਈਵੇਟ ਥਰਮਲ ਪਲਾਂਟ ਵਿਖੇ ਜਥੇਬੰਦੀ ਦੇ ਸੀਨੀਅਰ ਆਗੂ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਵਿਚ ਇਕੱਤਰ ਹੋਏ ਕਿਸਾਨਾਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਹਰਿਆਣਾ ਦਾ ਪੁਤਲਾ ਫੂਕਿਆ। ਜਗਦੇਵ ਸਿੰਘ ਜੋਗੇਵਾਲਾ ਅਤੇ ਜਥੇਬੰਦੀ ਦੇ ਆਗੂ ਬਿੰਦਰ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਸਮੇਤ ਸਮੁੱਚੇ ਦੇਸ਼ ਦੇ ਕਿਸਾਨਾਂ ਵਿਚ ਦਿੱਲੀ ਵੱਲ ਕੂਚ ਕਰਨ ਨੂੰ ਲੈ ਕੇ ਵਿਸ਼ੇਸ ਉਤਸ਼ਾਹ ਹੈ, ਜਿਸ ਕਾਰਣ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਨਿਕਲਣ ਦਾ ਖਦਸ਼ਾ ਬਣ ਗਿਆ ਹੈ। ਇਸ ਲਈ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਹਰਿਆਣਾ ਸਰਕਾਰ ਨੇ ਵੀ ਕੇਂਦਰ ਦੇ ਨਿਰਦੇਸ਼ਾਂ 'ਤੇ ਕਿਸਾਨਾਂ ਦੀਆਂ ਗਿ੍ਫਤਾਰੀਆਂ ਕਰਕੇ ਡੰਡੇ ਦੇ ਜ਼ੋਰ ਨਾਲ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਵਿਉਂਤਬੰਦੀ ਬੁਣੀ ਹੈ ਪਰ ਕਿਸਾਨ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਨੀਤੀ ਸਫਲ ਨਹੀਂ ਹੋਣ ਦੇਣਗੇ। ਕਿਸਾਨ ਆਗੂਆਂ ਨੇ ਹਰਿਆਣਾ ਵਿਚ ਗਿ੍ਫਤਾਰ ਕੀਤੇ ਕਿਸਾਨਾਂ ਦੀ ਤੁਰੰਤ ਰਿਹਾਈ ਮੰਗੀ ਹੈ।