ਭੋਲਾ ਸਿੰਘ ਮਾਨ, ਮੌੜ ਮੰਡੀ : ਸਰਕਾਰ ਅਤੇ ਪਾਵਰਕਾਮ ਮੈਨੇਜਮੇਂਟ ਵੱਲੋਂ ਤਿੰਨ ਥਰਮਲ ਪਲਾਂਟਾਂ ਨੂੰ ਬੰਦ ਕਰਨ ਤੇ ਮਹਿਕਮੇ 'ਚੋਂ ਅਸਾਮੀਆਂ ਨੂੰ ਖਤਮ ਕਰਨ ਦੇ ਲਏ ਗਏ ਫੈਸਲੇ ਦੇ ਵਿਰੋਧ 'ਚ ਅੱਜ ਸੂਬਾ ਕਮੇਟੀ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਭਾਗੂ ਦੀ ਅਗਵਾਈ ਹੇਠ ਸਬ-ਡਵੀਜ਼ਨ ਮੌੜ ਵਿਖੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਸਾੜ ਕੇ ਭਰਵੀਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੁਰਮੇਲ ਸਿੰਘ ਭਾਗੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਪੰਜਾਬ ਦੇ ਤਿੰਨ ਥਰਮਲ ਪਲਾਂਟ ਬਠਿੰਡਾ, ਲਹਿਰਾ ਮੁਹੱਬਤ ਅਤੇ ਰੋਪੜ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਮਹਿਕਮੇ 'ਚੋਂ 40 ਹਜ਼ਾਰ ਅਸਾਮੀਆਂ ਨੂੰ ਖਤਮ ਕਰਨ ਅਤੇ ਮੁਲਾਜ਼ਮਾਂ ਦੇ ਪੇ-ਸਕੇਲ ਨੂੰ ਕੇਂਦਰ ਦੇ ਸਕੇਲਾਂ ਨਾਲ ਮਿਲਾਉਣ ਦੇ ਕੀਤੇ ਫੈਸਲਿਆਂ ਦੇ ਵਿਰੋਧ 'ਚ ਟੈਕਨੀਕਲ ਸਰਵਿਸ਼ਜ ਯੂਨੀਅਨ ਨੂੰ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਸਾੜਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਸ਼ਹਿਰੀ ਸਬ-ਡਵੀਜਨ ਮੌੜ ਦੇ ਖ਼ਜ਼ਾਨਚੀ ਰਘਵੀਰ ਸਿੰਘ ਮੌੜ ਖੁਰਦ, ਮੀਤ ਪ੍ਰਧਾਨ ਬਲਵਿੰਦਰ ਸਿੰਘ ਭੋਲੂ, ਅੰਮਿ੍ਤਪਾਲ ਸਿੰਘ ਮੀਤ ਸਕੱਤਰ, ਸੁਖਵੀਰ ਸਿੰਘ ਸੈਕਟਰੀ, ਭਿੱਖੂ ਰਾਮ ਮੀਤ ਪ੍ਰਧਾਨ, ਮੀਤ ਸਕੱਤਰ ਦਰਸ਼ਨ ਸਿੰਘ ਕੋਟਲੀ ਅਤੇ ਪਾਵਰਕਾਮ ਟਾਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜੇਸ਼ ਕੁਮਾਰ, ਪ੍ਰਧਾਨ ਸੁਖਪਾਲ ਸਿੰਘ, ਨੰਦ ਲਾਲ ਜਨਰਲ ਸਕੱਤਰ ਆਦਿ ਨੇ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਇਨ੍ਹਾਂ ਫੈਸਲਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ।