ਭੋਲਾ ਸਿੰਘ ਮਾਨ, ਮੌੜ ਮੰਡੀ

ਸੰਗਰੂਰ ਵਿਖੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਖ਼ਿਲਾਫ਼ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਵਰਤੀ ਗਈ ਭੈੜੀ ਸ਼ਬਦਾਵਲੀ ਅਤੇ ਗਾਲ੍ਹਾਂ ਕੱਢਣ ਨੂੰ ਲੈ ਕੇ ਅਧਿਆਪਕ ਵਰਗ 'ਚ ਸਿੱਖਿਆ ਮੰਤਰੀ ਖ਼ਿਲਾਫ਼ ਰੋਸ ਦੀ ਲਹਿਰ ਵਧਦੀ ਹੀ ਜਾ ਰਹੀ ਹੈ। ਸਿੱਖਿਆ ਮੰਤਰੀ ਵਲੋਂ ਵਰਤੀ ਅਜਿਹੀ ਸ਼ਬਦਾਵਲੀ ਖਿਲਾਫ ਰੋਸ ਪ੍ਰਗਟ ਕਰਨ ਲਈ ਅਧਿਆਪਕ ਜਥੇਬੰਦੀ ਡੀਟੀਐੱਫ ਵਲੋਂ ਦਿੱਤੇ ਸੱਦੇ ਦੇ ਮੱਦੇਨਜ਼ਰ ਅੱਜ ਮੌੜ ਬਲਾਕ 'ਚ ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ।

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਕਲਾਂ, ਕੋਟਲੀ ਖੁਰਦ, ਰਾਜਗੜ੍ਹ ਕੁੱਬੇ ਤੋਂ ਇਲਾਵਾ ਮੌੜ ਬਲਾਕ ਦੇ ਬਹੁਤ ਸਾਰੇ ਸਕੂਲਾਂ 'ਚ ਅਧਿਆਪਕਾਂ ਨੇ ਰੋਸ ਪ੍ਰਗਟ ਕਰਦੇ ਹੋਏ ਸਾਰਾ ਦਿਨ ਕਾਲੇ ਬਿੱਲੇ ਲਗਾ ਕੇ ਪੜ੍ਹਾਈ ਕਰਵਾਈ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਮਹਿਕਮਾ ਇਕ ਪੜ੍ਹੇ ਲਿਖੇ ਅਤੇ ਤਹਿਜ਼ੀਬ ਨਾਲ ਗੱਲ ਕਰਨ ਵਾਲੇ ਲੋਕਾਂ ਦਾ ਮਹਿਕਮਾ ਹੈ, ਜੇਕਰ ਇਸ ਮਹਿਕਮੇ ਦਾ ਮੰਤਰੀ ਹੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰੇਗਾ ਤਾਂ ਫਿਰ ਆਮ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਅਧਿਆਪਕਾਂ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਆਪਣੇ ਕੀਤੇ ਵਿਵਹਾਰ ਲਈ ਤੁਰੰਤ ਮਾਫੀ ਮੰਗਣ ਅਤੇ ਬੇਰੁਜ਼ਗਾਰ ਅਧਿਆਪਕਾਂ ਲਈ ਨੌਕਰੀਆਂ ਕੱਢ ਕੇ ਉਨ੍ਹਾਂ ਨੂੰ ਰੁਜ਼ਗਾਰ ਦੇਣ।