ਹਰਕ੍ਰਿਸ਼ਨ ਸ਼ਰਮਾ, ਬਠਿੰਡਾ

ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਮੈਨੇਜਮੈਂਟ ਖ਼ਿਲਾਫ਼ ਆਪਣੇ ਮਸਲਿਆਂ ਨੂੰ ਲੈ ਕੇ ਥਰਮਲ ਕਾਲੋਨੀ ਗੇਟ ਨੰਬਰ. 3 ਤੇ ਮੰਡਲ ਦਫ਼ਤਰ ਸਾਹਮਣੇ ਧਰਨਾ ਦੇ ਕੇ ਗੁੱਸਾ ਕੱਿਢਆ ਗਿਆ। ਇਸ ਦੌਰਾਨ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਰਥੀ ਵੀ ਫੂਕੀ ਗਈ। ਇਸ ਦੌਰਾਨ ਟੀਐੱਸਯੂ ਭੰਗਲ, ਪਾਵਰਕਾਮ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਜ਼ੋਨ ਬਠਿੰਡਾ, ਪਾਵਰਕਾਮ ਐਂਡ ਟ੍ਾਂਸਕੋ ਠੇਕਾ ਮੁਲਾਜ਼ਮ ਯੂਨੀਅਨਾਂ ਦੇ ਆਗੂ ਮੌਜੂਦ ਸਨ।

ਆਗੂ ਨਰਿੰਦਰ ਕੁਮਾਰ, ਜਗਜੀਤ ਸਿੰਘ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਲੋਂ ਲਗਾਤਾਰ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਲਟਕਾਇਆ ਜਾ ਰਿਹਾ ਹੈ। ਮੈਨੇਜਮੈਂਟ ਵਲੋਂ 11 ਸਤੰਬਰ 2019 ਨੂੰ ਮੀਟਿੰਗ ਦੇ ਕੇ ਮਸਲੇ ਹੱਲ ਕਰਨ ਦਾ ਭਰੋਸਾ ਜਥੇਬੰਦੀ ਨੂੰ ਦਿਵਾਇਆ ਗਿਆ ਸੀ ਪਰ ਮਸਲੇ ਹੱਲ ਨਹੀਂ ਕਰਵਾਏ ਗਏ।

ਡਿਸ ਮਿਸ ਸਾਥੀਆਂ ਨੂੰ ਬਹਾਲ ਕਰਨ, 33 ਫ਼ੀਸਦੀ ਪੈਨਸ਼ਨ ਕਟੋਤੀ ਨੂੰ ਬੰਦ ਕਰਨ, ਪੂਰੇ ਸਾਲ ਉਨ੍ਹਾਂ ਨੂੰ ਕੰਮ ਤੇ ਰੱਖਣ, ਨਿੱਜੀਕਰਨ ਦੀ ਨੀਤੀ ਰੱਦ ਕਰਨ, ਸਰਕਾਰੀ ਥਰਮਲ ਪਲਾਟਾਂ ਨੂੰ ਚਾਲੂ ਕਰਨ, ਨਵੀਂ ਪੱਕੀ ਰੈਗੂਲਰ ਭਰਤੀ ਚਾਲੂ ਕਰਨ ਆਦਿ ਮੰਗਾਂ ਦਾ ਹੱਲ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਸੰਘਰਸ਼ ਸੱਦੇ ਲਾਗੂ ਕਰਦੇ ਹੋਏ 2 ਦਸੰਬਰ ਤੋਂ 14 ਦਸੰਬਰ ਤਕ ਮੰਡਲ ਪੱਧਰੀ ਅਰਥੀ ਸਾੜ ਧਰਨੇ, ਮੁਜ਼ਾਹਰੇ ਸਾਂਝੇ ਕਰਨ ਤੋਂ ਬਾਅਦ 15 ਦਸੰਬਰ ਤੋਂ 5 ਜਨਵਰੀ 2020 ਤੱਕ ਪਰਿਵਾਰਾਂ 'ਚ ਬਿਜਲੀ ਕਾਮਿਆਂ 'ਚ ਸੰਪਰਕ ਮੁਹਿੰਮ ਚਲਾਕੇ 6 ਜਨਵਰੀ 2020 ਨੂੰ ਪਰਿਵਾਰਾਂ ਸਮੇਤ ਪਟਿਆਲਾ ਹੈਡ ਆਫਿਸ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ। 8 ਜਨਵਰੀ ਦੀ ਇਕ ਰੋਜ਼ਾ ਦੇਸ਼ ਵਿਆਪੀ ਹੜਤਾਲ 'ਚ ਸ਼ਾਮਲ ਹੋਇਆ ਜਾਵੇਗਾ।

ਆਗੂਆਂ ਨੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੋਂ ਸਬਸਿਡੀ ਦਾ 5500 ਕਰੋੜ ਰੁਪਏ ਜਮ੍ਹਾਂ ਕਰਵਾਇਆ ਜਾਵੇ ਅਤੇ ਸਰਕਾਰੀ ਅਦਾਰਿਆਂ ਵਲੋਂ 2150 ਕਰੋੜ ਰੁਪਏ ਜਮ੍ਹਾਂ ਕਰਵਾ ਕੇ ਬਿਜਲੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਪੈਨਸ਼ਨਾਂ ਸਮੇਂ ਸਿਰ ਦਿੱਤੀਆਂ ਜਾਣ, ਡੀਏ ਦੀਆਂ ਕਿਸ਼ਤਾਂ ਅਦਾ ਕੀਤੀਆਂ ਜਾਣ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਅੱਜ ਦੇ ਧਰਨੇ 'ਚ ਮੰਡਲ ਪ੍ਰਧਾਨ ਰੇਸ਼ਮ ਕੁਮਾਰ, ਮੰਡਲ ਮੀਤ ਪ੍ਰਧਾਨ ਨਰਿੰਦਰ ਕੁਮਾਰ, ਜਗਜੀਤ ਸਿੰਘ ਮਹਿਤਾ, ਪਰਮਜੀਤ ਸਿੰਘ ਪ੍ਰਧਾਨ ਟੈਕਨੀਕਲ 1, ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਮਹਿੰਦਰਪਾਲ ਆਦਿ ਆਗੂਆਂ ਨੇ ਵਿਚਾਰ ਰੱਖੇ।