ਦਲਜੀਤ ਸਿੰਘ ਸਿਧਾਣਾ, ਰਾਮਪੁਰਾ ਫੂਲ

ਪੀਣ ਵਾਲੇ ਪਾਣੀ ਦੀ ਘਾਟ ਕਾਰਨ ਪਿੰਡ ਰਾਮਪੁਰਾ ਦੇ ਲੋਕਾਂ ਨੇ ਨਗਰ ਪੰਚਾਇਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।

ਇਨਕਲਾਬੀ ਕੇਂਦਰ ਪੰਜਾਬ ਦੇ ਹਰਮੇਸ਼ ਕੁਮਾਰ ਰਾਮਪੁਰਾ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪਿ੍ਰਤਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਰੀਤਮ ਨੇ ਦੱਸਿਆ ਕਿ ਵਾਟਰ ਵਰਕਸ ਦਾ ਪਾਣੀ ਨਿਰਵਿਘਨ ਨਾ ਆਉਣ ਸਬੰਧੀ ਨਗਰ ਵਾਸੀਆਂ ਨੂੰ ਲਗਾਤਾਰ 7-8 ਮਹੀਨਿਆਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਪਹਿਲਾਂ ਵੀ ਨਗਰ ਪੰਚਾਇਤ ਦੇ ਈਓ ਨੇ ਪਾਣੀ ਨਿਰਵਿਘਨ ਛੱਡਣ ਅਤੇ ਪਾਣੀ ਛੱਡਣ ਵਾਲੇ ਮਜ਼ਦੂਰ ਨੂੰ ਤਨਖਾਹ ਦੇਣ ਦਾ ਭਰੋਸਾ ਦਿਵਾਇਆ ਸੀ ਪਰ ਨਾ ਤਾਂ ਪਾਣੀ ਨਿਰਵਿਘਨ ਛੱਡਿਆ ਗਿਆ ਅਤੇ ਨਾਂ ਹੀ ਮਜ਼ਦੂਰ ਨੂੰ ਚਾਰ ਮਹੀਨੇ ਬੀਤਣ 'ਤੇ ਹੁਣ ਤਕ ਤਨਖਾਹ ਦਿੱਤੀ ਗਈ। ਇਸ ਸਬੰਧੀ ਈਓ ਨਗਰ ਪੰਚਾਇਤ ਨੇ ਅੱਜ ਮਿਲਣ ਦਾ ਸਮਾਂ ਦਿੱਤਾ ਸੀ ਪਰ ਉਹ ਦਫਤਰ ਨਹੀਂ ਮਿਲੇ ਅਤੇ ਫੋਨ 'ਤੇ ਗੱਲ ਕਰਨ 'ਤੇ ਉਨ੍ਹਾਂ ਨੇ ਕੱਲ੍ਹ ਨੂੰ ਮਿਲਣ ਦਾ ਭਰੋਸਾ ਦਿੱਤਾ ਹੈ। ਹੁਣ ਵੀ ਲਗਭਗ ਵੀਹ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਬੜੀ ਮੁਸ਼ਕਿਲ ਨਾਲ ਪਾਣੀ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ। ਨਗਰਵਾਸੀਆਂ ਨੇ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਗੁਰਚਰਨ ਸਿੰਘ, ਮਿੱਠੂ ਸਿੰਘ, ਬੋਘਾ ਸਿੰਘ ਤੇ ਪੂਰਨ ਸਿੰਘ ਵੀ ਮੌਜੂਦ ਸਨ।