ਭੋਲਾ ਸਿੰਘ ਮਾਨ, ਮੌੜ ਮੰਡੀ : ਮੌੜ ਖੁਰਦ ਵਿਖੇ ਇਕ ਨਿੱਜੀ ਕੰਪਨੀ ਵੱਲੋਂ ਲਾਏ ਜਾ ਰਹੇ ਟਾਵਰ ਨੂੰ ਲੈ ਕੇ ਭਾਰੀ ਗਿਣਤੀ 'ਚ ਪਿੰਡ ਵਾਸੀਆਂ ਨੇ ਅੌਰਤਾਂ ਸਮੇਤ ਨਗਰ ਕੌਂਸਲ ਮੌੜ ਦੇ ਦਫਤਰ ਵਿਖੇ ਪਹੁੰਚ ਕੇ ਕਾਰਜ ਸਾਧਕ ਅਫਸਰ ਖ਼ਿਲਾਫ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਜਨੀ ਕੌਰ, ਆਸ਼ਾ ਰਾਣੀ, ਹਰਦੀਪ ਕੌਰ, ਬਾਰਾ ਸਿੰਘ, ਜਗਰਾਜ ਸਿੰਘ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਕਾਰਜ ਸਾਧਕ ਅਫਸਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮਿਲੀ ਭੁਗਤ ਦੇ ਚੱਲਦੇ ਪਹਿਲਾਂ ਤਾਂ ਕੰਪਨੀ ਨੇ ਬਿਨਾਂ ਐਨਓਸੀ ਲਏ ਬਿਨਾਂ ਹੀ ਟਾਵਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ, ਪ੍ਰੰਤੂ ਜਦੋ ਪਿੰਡ ਵਾਸੀਆਂ ਨੇ ਇਸ ਟਾਵਰ ਦਾ ਵਿਰੋਧ ਕਰ ਦਿੱਤਾ, ਤਾਂ ਨਗਰ ਕੌਸਲ ਮੌੜ ਵੱਲੋਂ 28 ਅਗਸਤ 2019 ਨੂੰ ਥਾਣਾ ਮੌੜ ਨੂੰ ਪੱਤਰ ਨੰਬਰ 687 ਰਾਹੀਂ ਅਪੀਲ ਕੀਤੀ ਸੀ ਕਿ ਇਕ ਨਿੱਜੀ ਕੰਪਨੀ ਬਿਨਾਂ ਮਨਜੂਰੀ ਤੋਂ ਟਾਵਰ ਲਾ ਰਹੀ ਹੈ ਅਤੇ ਵਾਰ ਵਾਰ ਕਹਿਣ ਦੇ ਬਾਵਜੂਦ ਉਹ ਕੰਮ ਨਹੀਂ ਰੋਕ ਰਹੀ, ਜਿਸ ਕਰਕੇ ਟਾਵਰ ਦਾ ਕੰਮ ਬੰਦ ਕਰਵਾਇਆ ਜਾਵੇ ਅਤੇ ਕੰਪਨੀ ਖ਼ਿਲਾਫ ਕਾਰਵਾਈ ਕੀਤੀ ਜਾਵੇ, ਜਿਸਦੇ ਚੱਲਦੇ ਪੁਲਿਸ ਵੱਲੋਂ ਟਾਵਰ ਦਾ ਕੰਮ ਬੰਦ ਕਰਵਾ ਦਿੱਤਾ ਸੀ, ਪ੍ਰੰਤੂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੀ ਕੰਪਨੀ ਨਾਲ ਮਿਲੀਭੁਗਤ ਉਸ ਸਮੇਂ ਜੱਗ ਜਾਹਰ ਹੋ ਗਈ ਜਦੋਂ ਪਿੰਡ ਵਾਸੀਆਂ ਦਾ ਬਿਨਾਂ ਪੱਖ ਸੁਣੇ ਤੇ ਬਿਨਾਂ ਪੁਲਿਸ ਕਾਰਵਾਈ ਦੀ ਉਡੀਕ ਕਰਿਆਂ ਹੀ ਉਕਤ ਕੰਪਨੀ ਨੂੰ ਗੁਪਤ ਤਰੀਕੇ ਨਾਲ ਐਨਓਸੀ ਜਾਰੀ ਕਰ ਦਿੱਤੀ ਹੈ, ਜਿਸ ਕਾਰਨ ਪਿੰਡ ਵਾਸੀਆਂ ਵੱਲੋਂ ਟਾਵਰ ਕੰਪਨੀ ਤੇ ਕਾਰਜ ਸਾਧਕ ਅਫਸਰ ਖ਼ਿਲਾਫ ਨਾਅਰੇਬਾਜ਼ੀ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜਿਹੜੀ ਜਗ੍ਹਾ 'ਤੇ ਨਗਰ ਕੌਂਸਲ ਵੱਲੋਂ ਟਾਵਰ ਲਾਉਣ ਲਈ ਐੱਨਓਸੀ ਜਾਰੀ ਕੀਤੀ ਹੈ, ਉਹ ਬਿਲਕੁੱਲ ਰਿਹਾਇਸ਼ੀ ਏਰੀਏ ਦੇ ਵਿਚਕਾਰ ਹੈ ਅਤੇ ਜ਼ਿਆਦਾਤਾਰ ਗਰੀਬ ਲੋਕ ਹੀ ਆਪਣੇ ਪਰਿਵਾਰਾਂ ਸਮੇਂਤ ਉਸ ਜਗ੍ਹਾ 'ਤੇ ਰਹਿ ਰਹੇ ਹਨ, ਟਾਵਰ 'ਚੋ ਨਿਕਲਣ ਵਾਲੀਆਂ ਕਿਰਨਾ ਵੀ ਨੇੜਲੇ ਘਰਾਂ 'ਚ ਰਹਿਣ ਵਾਲੇ ਲੋਕਾਂ ਲਈ ਬਿਮਾਰੀਆਂ ਦਾ ਸਬੱਬ ਬਣ ਸਕਦੀਆਂ ਹਨ, ਜਿਸ ਕਰਕੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਟਾਵਰ ਦਾ ਕੰਮ ਬੰਦ ਕਰਵਾ ਕੇ ਐੱਨਓਸੀ ਕੈਂਸਲ ਕੀਤੀ ਜਾਵੇ, ਤਾਂ ਜੋ ਗਰੀਬ ਪਰਿਵਾਰਾਂ ਦੀ ਸਿਹਤ ਨਾਲ ਖ਼ਿਲਵਾੜ ਨਾ ਹੋ ਸਕੇ।

ਇਸ ਸਬੰਧੀ ਜਦ ਥਾਣਾ ਮੌੜ ਦੇ ਐੱਸਐੱਚਓ ਵਿਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਮੁਹੱਲਾ ਵਾਸੀ ਟਾਵਰ ਸਬੰਧੀ ਸਾਡੇ ਪਾਸ ਆਏ ਸਨ ਅਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਜਲਦ ਹੀ ਮਸਲੇ ਦਾ ਹੱਲ ਕੀਤਾ ਜਾਵੇਗਾ।

ਇਸ ਸਬੰਧੀ ਜਦ ਕਾਰਜ ਸਾਧਕ ਅਫਸਰ ਮੌੜ ਵਿਜੈ ਕੁਮਾਰ ਜਿੰਦਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਾਰ ਵਾਰ ਫੋਨ ਕਰਨ 'ਤੇ ਵੀ ਫੋਨ ਰਸੀਵ ਨਹੀਂ ਕੀਤੀ।