ਗੁਰਜੀਵਨ ਸਿੰਘ ਸਿੱਧੂ, ਨਥਾਣਾ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਤੇ ਬਿਜਲੀ ਐਕਟ 2020 ਪਾਸ ਕੀਤੇ ਜਾਣ 'ਤੇ ਜਿੱਥੇ ਕਿਸਾਨ ਯੂਨੀਅਨਾਂ ਤੇ ਹੋਰ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ ਉੱਥੇ ਹੀ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਰੀਤਮ ਸਿੰਘ ਕੋਟਭਾਈ ਦੀ ਅਗਵਾਈ ਵਿਚ ਭੁੱਚੋ ਮੰਡੀ ਹਲਕੇ ਦੇ ਕਾਂਗਰਸੀ ਵਰਕਰਾਂ ਵੱਲੋਂ ਆਰਡੀਨੈਂਸਾਂ ਖ਼ਿਲਾਫ਼ ਟਰੈਕਟਰਾਂ 'ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਥਾਣਾ ਬੱਸ ਅੱਡੇ 'ਚ ਮੋਦੀ ਦਾ ਪੁਤਲਾ ਵੀ ਸਾੜਿਆ। ਇਸ ਰੋਸ ਰੈਲੀ ਦੀ ਅਗਵਾਈ ਕਰ ਰਹੇ ਵਿਧਾਇਕ ਪ੍ਰਰੀਤਮ ਸਿੰਘ ਕੋਟਭਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਅਮੀਰ ਘਰਾਣਿਆਂ ਦੀ ਕਠਪੁਤਲੀ ਬਣਾਉਣ ਦਾ ਸਾਜੋ-ਸਾਮਾਨ ਤਿਆਰ ਕਰ ਰਹੀ ਹੈ ਪਰ ਮੋਦੀ ਸਰਕਾਰ ਦੀਆਂ ਅਜਿਹੀਆਂ ਚਾਲਾਂ ਦਾ ਜਵਾਬ ਦੇਣ ਲਈ ਆਪਾਂ ਨੂੰ ਏਕਾ ਕਰ ਕੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੰਜਾਬ 'ਚ ਇਹ ਕਾਨੂੰਨ ਪਾਸ ਕਰ ਕੇ ਲਾਗੂ ਕਰਦੀ ਹੈ ਤਾਂ ਪੰਜਾਬ ਦਾ ਅੰਨਦਾਤਾ ਖਤਮ ਹੋ ਜਾਵੇਗਾ ਤੇ ਇਕ ਦਿਹਾੜੀਦਾਰ ਬਣ ਕੇ ਰਹਿ ਜਾਵੇਗਾ। ਰੁਪਿੰਦਰ ਸਿੰਘ ਵਕੀਲ ਨੇ ਆਪਣੇ ਭਾਸ਼ਣ ਦੌਰਾਨ ਲੋਕਾਂ ਨੂੰ ਤਿੰਨਾਂ ਖੇਤੀ ਕਾਨੂੰਨ ਤੇ ਬਿਜਲੀ ਐਕਟ 2020 ਬਾਰੇ ਵਿਸਥਾਰ 'ਚ ਚਾਨਣਾ ਪਾ ਕੇ ਜਾਗਰੂਕ ਕਰਦਿਆਂ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਕਿਸਾਨਾਂ ਦੇ ਇਸ ਸੰਘਰਸ਼ 'ਚ ਸ਼ਾਮਲ ਦੀ ਅਪੀਲ ਕੀਤੀ। ਯੂਥ ਆਗੂ ਜਸਵਿੰਦਰ ਸਿੰਘ ਜਸ ਸਰਪੰਚ, ਸਰਪੰਚ ਧਰਮ ਸਿੰਘ ਮਾੜੀ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਨਥਾਣਾ ਨੇ ਦੱਸਿਆ ਕਿ ਭੁੱਚੋ ਮੰਡੀ ਹਲਕੇ 'ਚੋਂ ਤਕਰੀਬਨ ਅੱਠ ਕਿਲੋਮੀਟਰ ਦੇ ਲੰਬੀ ਕਤਾਰ 'ਚ ਕਿਸਾਨ ਆਪਣੇ ਟਰੈਕਟਰ 'ਤੇ ਕਾਲੇ ਝੰਡੇ ਲਾ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਤੇਜਾ ਸਿੰਘ ਦੰਦੀਵਾਲ ਚੇਅਰਮੈਨ, ਨਾਹਰ ਸਿੰਘ ਚੇਅਰਮੈਨ, ਸਰਬਜੀਤ ਸਿੰਘ ਨਥਾਣਾ, ਗੋਗੀ ਕਲ਼ਿਆਣ, ਸਰਪੰਚ ਚਮਕੌਰ ਸਿੰਘ ਪੂਹਲੀ, ਮਹਿੰਦਰ ਸਿੰਘ ਖਾਲਸਾ, ਬਲਜਿੰਦਰ ਸਿੰਘ ਸਰਪੰਚ, ਅਵਤਾਰ ਸਿੰਘ ਗੋਨਿਆਣਾ ਨੇ ਵੀ ਸੰਬੋਧਨ ਕੀਤਾ।