ਦੀਪਕ ਸ਼ਰਮਾ, ਬਠਿੰਡਾ

ਐਤਵਾਰ ਨੂੰ ਛੱਤ ਡਿੱਗਣ ਕਾਰਨ ਮਰਨ ਵਾਲੇ ਕਰਿੰਦੇ ਦੇ ਪੋਸਟ ਮਾਰਟਮ ਨੂੰ ਲੈ ਕੇ ਸਰਕਾਰੀ ਹਸਪਤਾਲ ਵਿਚ ਹੰਗਾਮਾ ਖੜ੍ਹਾ ਹੋ ਗਿਆ। ਹੜਤਾਲ ਕਾਰਨ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮਿ੍ਤਕ ਦਾ ਪੋਸਟਮਾਟਮ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮਿ੍ਤਕ ਦੇ ਪਰਿਵਾਰਕ ਮੈਂਬਰ ਭੜਕ ਉਠੇ, ਉਨ੍ਹਾਂ ਇਲਾਜ ਨਾ ਹੋਣ ਤੋਂ ਖਫ਼ਾ ਮਰੀਜ਼ਾਂ ਨੂੰ ਨਾਲ ਲੈ ਕੇ ਬਠਿੰਡਾ-ਮਾਨਸਾ ਰੋਡ 'ਤੇ ਸਿਵਲ ਹਸਪਤਾਲ ਅੱਗੇ ਜਾਮ ਲਗਾ ਦਿੱਤਾ। ਜਾਮ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਬੀਤੇ ਸ਼ੁੱਕਰਵਾਰ ਨੂੰ ਦੋ ਭਰਾਵਾਂ ਨੇ ਐਮਰਜੈਂਸੀ ਵਿਚ ਤਾਇਨਾਤ ਡਾਕਟਰ ਉੱਪਰ ਹਮਲਾ ਕਰ ਦਿੱਤਾ ਸੀ। ਪੁਲਿਸ ਨੇ ਡਾਕਟਰ ਦੀ ਸ਼ਿਕਾਇਤ ਦੇ ਆਧਾਰ 'ਤੇ ਦੋ ਭਰਾਵਾਂ ਗੁਰਪ੍ਰਰੀਤ ਸਿੰਘ ਤੇ ਹਰਪ੍ਰਰੀਤ ਸਿੰਘ ਵਾਸੀ ਬਠਿੰਡਾ ਖਿਲਾਫ਼ ਕੇਸ ਦਰਜ ਕਰ ਲਿਆ ਸੀ। ਸੋਮਵਾਰ ਨੂੰ ਡਾਕਟਰਾਂ ਨੇ ਦੋਵਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਹੜਤਾਲ ਦੌਰਾਨ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ।

ਇਸ ਦੌਰਾਨ ਐਤਵਾਰ ਨੂੰ ਠੇਕੇ ਦੀ ਛੱਤ ਹੇਠ ਆ ਕੇ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪੁੱਜ ਕੇ ਮਿ੍ਤਕ ਦਾ ਪੋਸਟਮਾਟਮ ਕਰਨ ਲਈ ਡਾਕਟਰਾਂ ਨੂੰ ਬੇਨਤੀ ਕੀਤੀ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਹ 11 ਵਜੇ ਤਕ ਹੜਤਾਲ 'ਤੇ ਹਨ। ਇਸ ਲਈ ਪੋਸਟਮਾਰਟਮ ਨਹੀਂ ਕਰ ਸਕਦੇ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਲਖ ਕਲਾਮੀ ਹੋ ਗਈ ਜੋ ਵਧ ਕੇ ਹੱਥੋਪਾਈ ਤਕ ਚਲੀ ਗਈ। ਜਦੋਂ ਇਹ ਰੌਲਾ ਪੈ ਰਿਹਾ ਸੀ ਤਾਂ ਆਪਣੇ ਇਲਾਜ ਲਈ ਆਏ ਵੱਡੀ ਗਿਣਤੀ ਲੋਕ ਵੀ ਮਿ੍ਤਕ ਦੇ ਵਾਰਿਸਾਂ ਦੇ ਹੱਕ ਵਿਚ ਉੱਤਰ ਆਏ ਤੇ ਉਨ੍ਹਾਂ ਸਿਵਲ ਹਸਪਤਾਲ ਅੱਗੇ ਜਾਮ ਲਗਾ ਦਿੱਤਾ। ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਨੇ ਜਾਮ ਲਗਾਉਣ ਵਾਲੇ ਲੋਕਾਂ ਨਾਲ ਗੱਲਬਾਤ ਕਰਦਿਆਂ ਜਾਮ ਖੁੱਲ੍ਹਵਾ ਦਿੱਤਾ। ਡਾਕਟਰਾਂ ਨੂੰ ਵੀ ਧਰਨਾ ਤੇ ਹੜਤਾਲ ਖਤਮ ਕਰਨ ਲਈ ਕਿਹਾ ਪਰ ਡਾਕਟਰ ਇਸ ਗੱਲ 'ਤੇ ਅੜ ਗਏ ਕਿ ਡਾਕਟਰ 'ਤੇ ਹਮਲਾ ਕਰਨ ਵਾਲਿਆਂ ਨੂੰ ਪਹਿਲਾਂ ਗਿ੍ਫ਼ਤਾਰ ਕੀਤਾ ਜਾਵੇ। ਕਾਫ਼ੀ ਸਮਾਂ ਚੱਲੇ ਇਸ ਡਰਾਮੇ ਬਾਅਦ ਪੁਲਿਸ ਨੇ ਹਮਲਾ ਕਰਨ ਵਾਲੇ ਦੋਵੇਂ ਭਰਾਵਾਂ ਨੂੰ ਗਿ੍ਫ਼ਤਾਰ ਕਰ ਲਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰਦਿਆਂ ਧਰਨਾ ਚੁੱਕ ਲਿਆ।

ਡਾਕਟਰਾਂ ਦੇ ਧਰਨੇ ਦੌਰਾਨ ਮਾਹੌਲ ਉਸ ਸਮੇਂ ਤਣਾਅ ਪੂਰਣ ਬਣ ਗਿਆ ਜਦੋਂ ਆਪਣੇ ਸੰਬੋਧਨ ਵਿਚ ਇਕ ਡਾਕਟਰ ਨੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਗੁੰਡੇ ਅਨਸਰ ਕਹਿ ਦਿੱਤਾ ਜਿਸ ਤੋਂ ਬਾਅਦ ਲੋਕ ਭੜਕ ਉੱਠੇ ਤੇ ਉਨ੍ਹਾਂ ਵੀ ਡਾਕਟਰਾਂ ਨੂੰ ਖਰੀਆਂ ਖਰੀਆਂ ਸੁਣਾਈਆਂ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਵੀ ਸਰਕਾਰੀ ਡਾਕਟਰਾਂ ਦੀ ਹਮਾਇਤ 'ਤੇ ਆ ਖੜ੍ਹੇ ਹੋਏ। ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਹੜਤਾਲ ਕਾਰਨ ਖੁੂਦ ਸਿਵਲ ਸਰਜਨ ਕੋਲ ਜਾ ਕੇ ਬੇਨਤੀ ਕੀਤੀ ਸੀ ਕਿ ਉਹ ਪੋਸਟਮਾਰਟਮ ਲਈ ਕਿਸੇ ਹੋਰ ਹਸਪਤਾਲ ਦੇ ਡਾਕਟਰ ਦੀ ਡਿਊਟੀ ਲਗਾ ਦੇਣ। ਉਨ੍ਹਾਂ ਕਿਹਾ ਕਿ ਮਿ੍ਤਕ ਦੇ ਪਰਿਵਾਰ ਵਾਲਿਆਂ ਨੂੰ ਇਹ ਵੀ ਭਰੋਸਾ ਦਿੱਤਾ ਸੀ ਕਿ ਡਾਕਟਰਾਂ ਦੀ 11 ਵਜੇ ਹੜਤਾਲ ਖਤਮ ਹੋ ਜਾਵੇਗੀ ਜਿਸ ਤੋਂ ਬਾਅਦ ਉਹ ਪੋੋਸਟਮਾਰਟਮ ਕਰ ਦੇਣਗੇ ਪਰ ਉਕਤ ਲੋਕਾਂ ਨੇ ਧਰਨੇ ਵਿਚ ਆ ਕੇ ਹੁੱਲੜਬਾਜ਼ੀ ਕੀਤੀ। ਸਿਵਲ ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਹੜਤਾਲ ਕਰਨਾ ਉਨ੍ਹਾਂ ਦਾ ਸ਼ੌਕ ਨਹੀ ਸਗੋਂ ਮਜ਼ਬੂਰਨ ਆਪਣੀ ਰੱਖਿਆ ਲਈ ਉਨ੍ਹਾਂ ਨੂੰ ਹੜਤਾਲ ਕਰਨੀ ਪਈ।

ਭੋਗ ਤੋਂ ਦੋ ਦਿਨ ਪਹਿਲਾਂ ਦੋਵੇਂ ਭਰਾ ਗਿ੍ਫ਼ਤਾਰ

ਪੁਲਿਸ ਨੇ ਡਾਕਟਰਾਂ ਦੇ ਦਬਾਅ ਹੇਠ ਮਾਂ ਦੇ ਭੋਗ ਤੋਂ ਦੋ ਦਿਨ ਪਹਿਲਾਂ ਮਿ੍ਤਕ ਦੇ ਦੋਵੇਂ ਪੁੱਤਰਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਡਾਕਟਰ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਹੜਤਾਲ 'ਤੇ ਚੱਲ ਰਹੇ ਸਨ। ਪੁਲਿਸ ਦੋਵਾਂ ਨੂੰ ਭੋਗ ਤਕ ਗਿ੍ਫ਼ਤਾਰੀ ਨਹੀਂ ਕਰਨਾ ਚਾਹੁੰਦੀ ਸੀ ਪਰ ਅੱਜ ਡਾਕਟਰਾਂ ਤੇ ਮਰੀਜ਼ਾਂ ਵਿਚਕਾਰ ਪੈਦਾ ਹੋਏ ਤਣਾਅ ਨੂੰ ਦੇਖਦਿਆਂ ਪੁਲਿਸ ਨੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ। ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਕ ਵਿਅਕਤੀ ਦੀ ਕਾਰ ਨਾਲ ਟਕਰਾ ਕੇ ਇਕ ਮਹਿਲਾ ਦੀ ਮੌਤ ਹੋ ਗਈ ਸੀ। ਉਕਤ ਮਹਿਲਾ ਨੂੰ ਇਕ ਵਿਅਕਤੀ ਸਿਵਲ ਹਸਪਤਾਲ ਵਿਚ ਲੈ ਕੇ ਆਇਆ ਸੀ ਜਦੋਂ ਉਸਨੂੰ ਅੌਰਤ ਦੀ ਮੌਤ ਦਾ ਪਤਾ ਲੱਗਾ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਇਸੇ ਦੌਰਾਨ ਮਹਿਲਾ ਦੇ ਦੋ ਪੁੱਤਰ ਗੁਰਪ੍ਰਰੀਤ ਸਿੰਘ ਤੇ ਹਰਪ੍ਰਰੀਤ ਸਿੰਘ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਡਾਕਟਰ ਇੰਦਰਪ੍ਰਰੀਤ ਸਿੰਘ 'ਤੇ ਹਮਲਾ ਕਰ ਦਿੱਤਾ। ਉਕਤ ਡਾਕਟਰ ਦੀ ਸ਼ਿਕਾਇਤ 'ਤੇ ਪੁਲਿਸ ਦੋਵੇ ਭਰਾਵਾਂ ਖਿਲਾਫ਼ ਕੇਸ ਦਰਜ ਕੀਤਾ ਸੀ। ਮਿ੍ਤਕ ਮਹਿਲਾ ਦਾ ਬੁੱਧਵਾਰ ਨੂੰ ਭੋਗ ਪੈਣਾ ਹੈ।