ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕਾ ਕੰਚਨ ਦੀ ਮਾਂ ਦੇ ਬਿਆਨ ਨੇ ਮਾਮਲੇ ਨੂੰ ਕਾਨੂੰਨੀ ਮਜ਼ਬੂਤੀ ਪ੍ਰਦਾਨ ਕੀਤੀ ਹੈ। ਇਕ ਹੋਰ ਗਵਾਹ ਨਰੇਸ਼ ਕੁਮਾਰ ਨੇ ਵੀ ਅਦਾਲਤ ਵਿਚ ਬਿਆਨ ਦਰਜ ਕਰਵਾਇਆ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸੋਸ਼ਲ ਮੀਡੀਆ ’ਤੇ ਸਰਗਰਮ ਰਹੀ ਲੁਧਿਆਣਾ ਦੇ ਲਕਸ਼ਮਣ ਨਗਰ ਦੀ ਰਹਿਣ ਵਾਲੀ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਕੇਸ ਵਿਚ ਬਠਿੰਡਾ ਜ਼ਿਲ੍ਹਾ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹਿਰੋਂ ਦੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਲੁਕੇ ਹੋਣ ਦਾ ਖ਼ਦਸ਼ਾ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਲਗਾਤਾਰ ਗ੍ਰਿਫ਼ਤਾਰੀ ਤੋਂ ਬਚ ਰਹੇ ਹਨ। ਇਕ ਦਸੰਬਰ ਨੂੰ ਸੁਣਵਾਈ ਦੌਰਾਨ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਨੇ ਸਪੱਸ਼ਟ ਕੀਤਾ ਕਿ ਮੁਲਜ਼ਮਾਂ ਵਿਰੁੱਧ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ। ਅਦਾਲਤ ਨੇ ਹੁਕਮਾਂ ਵਿਚ ਕਿਹਾ ਕਿ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਜਾਣ-ਬੁੱਝ ਕੇ ਫ਼ਰਾਰ ਹਨ, ਇਸ ਲਈ ਉਨ੍ਹਾਂ ਨੂੰ ਭਗੌੜੇ ਐਲਾਨ ਕਰਨਾ ਜ਼ਰੂਰੀ ਹੈ। ਮਾਮਲੇ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 27 ਨਵੰਬਰ ਨੂੰ ਮ੍ਰਿਤਕ ਦੀ ਗਿਰਜਾ ਦੇਵੀ ਨੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਆਪਣਾ ਬਿਆਨ ਦਰਜ ਕਰਵਾਇਆ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕਾ ਕੰਚਨ ਦੀ ਮਾਂ ਦੇ ਬਿਆਨ ਨੇ ਮਾਮਲੇ ਨੂੰ ਕਾਨੂੰਨੀ ਮਜ਼ਬੂਤੀ ਪ੍ਰਦਾਨ ਕੀਤੀ ਹੈ। ਇਕ ਹੋਰ ਗਵਾਹ ਨਰੇਸ਼ ਕੁਮਾਰ ਨੇ ਵੀ ਅਦਾਲਤ ਵਿਚ ਬਿਆਨ ਦਰਜ ਕਰਵਾਇਆ ਹੈ। ਐੱਸਐੱਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਸੂਬਾ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਯੂਏਈ ਤੋਂ ਭਾਰਤ ਵਾਪਸ ਲਿਆਉਣ ਲਈ ਕੇਂਦਰੀ ਏਜੰਸੀਆਂ ਨਾਲ ਰਾਬਤਾ ਕਰ ਰਹੀ ਹੈ, ਇਸ ਮਕਸਦ ਲਈ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਕ ਵਾਰ ਮੁਲਜ਼ਮਾਂ ਨੂੰ ਭਗੌੜਾ ਐਲਾਨੇ ਜਾਣ ਤੋਂ ਬਾਅਦ ਇੰਟਰਪੋਲ ਰਾਹੀ ਮਹਿਰੋਂ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ। ਪੁਲਿਸ ਮੁਤਾਬਕ ਕੰਚਨ ਉਰਫ਼ ਕਮਲ ਭਾਬੀ ਦਾ ਕਤਲ 9-10 ਜੂਨ ਦੀ ਰਾਤ ਨੂੰ ਕੀਤਾ ਗਿਆ ਸੀ। ਦੋਸ਼ ਹਨ ਕਿ ਮਹਿਰੋਂ ਨੇ ਆਪਣੇ ਦੋ ਨਿਹੰਗ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮਿਲ ਕੇ ਕੰਚਨ ਦਾ ਗਲਾ ਘੁੱਟ ਦਿੱਤਾ ਸੀ ਤੇ ਲਾਸ਼ ਨੂੰ ਭੁੱਚੋ ਦੇ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਦੀ ਪਾਰਕਿੰਗ ਵਿਚ ਸੁੱਟ ਦਿੱਤਾ ਗਿਆ ਸੀ। ਲਾਸ਼ 11 ਜੂਨ ਦੀ ਸ਼ਾਮ ਨੂੰ ਕਾਰ ਵਿੱਚੋਂ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਪਹਿਲਾਂ ਅੰਮ੍ਰਿਤਸਰ ਪਹੁੰਚਿਆ ਤੇ 10 ਜੂਨ ਦੀ ਸਵੇਰ ਨੂੰ ਅੰਤਰਰਾਸ਼ਟਰੀ ਉਡਾਣ ਰਾਹੀਂ ਦੁਬਈ ਭੱਜ ਗਿਆ। ਰਣਜੀਤ 'ਤੇ ਦੋਸ਼ ਹੈ ਕਿ ਉਸ ਨੇ ਮਹਿਰੋਂ ਨੂੰ ਬਠਿੰਡਾ ਤੋਂ ਅੰਮ੍ਰਿਤਸਰ ਹਵਾਈ ਅੱਡੇ ਤਕ ਪਹੁੰਚਾਉਣ ਵਿਚ ਮਦਦ ਕੀਤੀ ਸੀ। ਇਸ ਕੇਸ ਵਿਚ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂਕਿ ਮਹਿਰੋਂ ਅਤੇ ਰਣਜੀਤ ਹਾਲੇ ਫ਼ਰਾਰ ਹਨ।