ਸ਼ਰਮਾ , ਧੰਜਲ, ਮਾਨਸਾ : ਮਰਹੂਮ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ਨੇ ਵੀ ਵਰਕਰਾਂ ਦਾ ਵੱਡਾ ਇਕੱਠ ਕੀਤਾ। ਇਸ ਦੌਰਾਨ ਬਾਗੀ ਤੇਵਰ ਵੀ ਦਿਖਾਏ ਗਏ। ਇਸ ਸਮੇਂ ਪਰਿਵਾਰ ਨੇ ਕਿਹਾ ਕਿ ਪਾਰਟੀ ਨੇ ਜੇਕਰ ਕਿਸੇ ਬਾਹਰਲੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਤਾਂ ਉਹ ਆਜ਼ਾਦ ਤੌਰ 'ਤੇ ਵੀ ਚੋਣ ਲੜ ਸਕਦੇ ਹਨ। ਉਨਾਂ੍ਹ ਕਿਹਾ ਕਿ ਪਾਰਟੀ ਨੂੰ ਟਕਸਾਲੀ ਕਾਂਗਰਸੀਆਂ ਅਤੇ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਆ ਰਹੇ ਵਰਕਰਾਂ ਵਿਚੋਂ ਟਿਕਟ ਦੇਣੀ ਬਣਦੀ ਹੈ। ਮਾਨਸਾ ਦੇ ਵਿਰਾਸਤ ਪੈਲੇਸ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਨੇਤਾ ਗੁਰਪ੍ਰਰੀਤ ਕੌਰ ਗਾਗੋਵਾਲ ਨੇ ਕਿਹਾ ਕਿ ਲੋਕ ਹਮੇਸ਼ਾ ਹੀ ਉਨਾਂ੍ਹ ਨਾਲ ਖੜ੍ਹੇ ਹਨ। ਜਿਸ ਮੁਕਾਮ 'ਤੇ ਉਹ ਅੱਜ ਹਨ ਉਹ ਲੋਕਾਂ ਦੀ ਹੀ ਦੇਣ ਹੈ। ਇਸ ਕਰਕੇ ਉਹ ਮਾਨਸਾ ਹਲਕੇ ਤੋਂ ਚੋਣ ਲੜਣ ਦੀ ਮਰਜ਼ੀ ਲੋਕਾਂ 'ਤੇ ਛੱਡਦੇ ਹਨ। ਉਨਾਂ੍ਹ ਕਿਹਾ ਕਿ ਪਾਰਟੀ ਉਨਾਂ੍ਹ ਨੂੰ ਟਿਕਟ ਨਾਲ ਨਿਵਾਜ਼ਦੀ ਹੈ ਤਾਂ ਇਸ ਸੀਟ ਨੂੰ ਜਿੱਤ ਕੇ ਕਾਂਗਰਸ ਦੀ ਝੋਲੀ ਪਾਇਆ ਜਾਵੇ ਪਰ ਪਾਰਟੀ ਹਾਈ-ਕਮਾਂਡ ਨੂੰ ਇਸ ਉਤੇ ਗੰਭੀਰ ਵਿਚਾਰਾਂ ਕਰਦੇ ਹੋਏ ਹਲਕੇ ਤੋਂ ਬਾਹਰਲੇ ਵਿਅਕਤੀਆਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਇਸ 'ਤੇ ਹਾਈਕਮਾਨ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਬਾਹਰ ਦੇ ਕਿਸੇ ਵੀ ਵਿਅਕਤੀ ਨੂੰ ਇਥੇ ਮਾਨਸਾ ਹਲਕੇ 'ਚ ਟਿਕਟ ਨਾ ਦਿੱਤੀ ਜਾਵੇ। ਮਾਈਕਲ ਗਾਗੋਵਾਲ ਨੇ ਵੀ ਸੰਕੇਤ ਦਿੱਤੇ ਕਿ ਜੇਕਰ ਪਾਰਟੀ ਉਨਾਂ੍ਹ ਨੂੰ ਟਿਕਟ ਨਹੀਂ ਦਿੰਦੀ ਤਾਂ ਇਸ 'ਤੇ ਚੋਣ ਲੜਣ ਸੰਬੰਧੀ ਵਿਚਾਰ ਕੀਤਾ ਜਾਵੇਗਾ। ਉਨਾਂ੍ਹ ਦਾ ਇਰਾਦਾ ਪੱਕੇ ਤੌਰ 'ਤੇ ਚੋਣ ਲੜਣ ਦਾ ਹੈ। ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰੇਸ਼ ਨੰਦਗੜ੍ਹੀਆ, ਪਾਰਟੀ ਆਗੂ ਸੁਖਦਰਸ਼ਨ ਖਾਰਾ ਨੇ ਵੀ ਗਾਗੋਵਾਲ ਪਰਿਵਾਰ ਦੀ ਪਾਰਟੀ ਪ੍ਰਤੀ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨਸਾ ਵਿਧਾਨ ਸਭਾ ਤੋਂ ਟਿਕਟ ਦੇਣ ਲਈ ਪਾਰਟੀ ਨੂੰ ਇਸ ਟਕਸਾਲੀ ਪਰਿਵਾਰ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਗਾਗੋਵਾਲ ਪਰਿਵਾਰ ਨੇ ਹਮੇਸ਼ਾ ਹੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਇਸ ਹਲਕੇ ਤੋਂ ਲੀਡ ਦਿਵਾਈ ਤੇ ਆਪਣਾ ਪੂਰਾ ਜੀਵਨ ਕਾਂਗਰਸ ਪਾਰਟੀ ਵਿਚ ਹੀ ਬਿਤਾਇਆ ਹੈ। ਬਲਵਿੰਦਰ ਨਾਰੰਗ ਸੈਕਟਰੀ ਪੀਪੀਸੀ ਨੇ ਕਿਹਾ ਕਿ ਗਾਗੋਵਾਲ ਪਰਿਵਾਰ ਪੰਜਾਬ 'ਚ ਅੌਖੇ ਸਮਿਆਂ 'ਚ ਵੀ ਕਾਂਗਰਸ ਨਾਲ ਖੜ੍ਹੇ ਰਹੇ ਹਨ ਅਤੇ ਅੱਜ ਵੀ ਖੜ੍ਹੇ ਹਨ। ਮਾਨਸਾ ਹਲਕੇ ਤੋਂ ਗਾਗੋਵਾਲ ਪਰਿਵਾਰ 'ਚੋਂ ਟਿਕਟ ਦੇਣ ਦੀ ਮੰਗ ਕੀਤੀ। ਰਮੇਸ਼ ਟੋਨੀ ਫ਼ਰਵਾਹੀ ਨੇ ਕਿਹਾ ਕਿ ਜੇਕਰ ਪਾਰਟੀ ਨੇ ਗਾਗੋਵਾਲ ਪਰਿਵਾਰ ਨੂੰ ਟਿਕਟ ਨਾ ਦਿੱਤੀ ਤਾਂ ਉਹ ਅਜ਼ਾਦ ਤੌਰ 'ਤੇ ਚੋਣ ਲੜਣਗੇ ਅਤੇ ਜਿੱਤਣਗੇ। ਇਸ ਹਲਕੇ ਦੇ ਲੋਕ ਜ਼ਮੀਨੀ ਤੌਰ 'ਤੇ ਗਾਗੋਵਾਲ ਪਰਿਵਾਰ ਨਾਲ ਜੁੜੇ ਹੋਏ ਹਨ ਅਤੇ ਇਸ ਪਰਿਵਾਰ ਨੇ ਪਾਰਟੀ ਵਿਚ ਕੰਮ ਕਰਦਿਆਂ ਅਨੇਕਾਂ ਲੋਕਾਂ ਨੂੰ ਨਾਲ ਜੋੜ ਕੇ ਇਸ ਹਲਕੇ ਵਿਚ ਪਾਰਟੀ ਦਾ ਵਕਾਰ ਬਣਾ ਕੇ ਰੱਖਿਆ। ਇਸ ਮੌਕੇ ਅੱਪੀ ਝੱਬਰ, ਜੋਬਨਪ੍ਰਰੀਤ ਸਿੰਘ, ਗੁਨਤਾਜ ਦੰਦੀਵਾਲ ਅਤੇ ਹੋਰ ਪੰਚ-ਸਰਪੰਚ ਹਾਜ਼ਰ ਸਨ।