ਭੋਲਾ ਸਿੰਘ ਮਾਨ, ਮੌੜ ਮੰਡੀ : ਥਾਣਾ ਮੌੜ ਦੀ ਪੁਲਿਸ ਵੱਲੋਂ ਸਥਾਨਕ ਸ਼ਹਿਰ ਦੇ ਇਕ ਸੀਨੀਅਰ ਅਕਾਲੀ ਆਗੂ ਦੇ ਘਰ ਛਾਪੇਮਾਰੀ ਕਰ ਕੇ ਭਾਰੀ ਮਾਤਰਾ 'ਚ ਨਸ਼ੇ ਦੀਆਂ ਦਵਾਈਆਂ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਡੀਐੱਸਪੀ ਮੌੜ ਕੁਲਭੂਸ਼ਣ ਸ਼ਰਮਾ ਦੀ ਅਗਵਾਈ 'ਚ ਐੱਸਐੱਚਓ ਮੌੜ ਹਰਨੇਕ ਸਿੰਘ ਨੇ ਪੁਲਿਸ ਪਾਰਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਮੌੜ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦੇ ਘਰ ਛਾਪੇਮਾਰੀ ਕਰ ਕੇ ਘਰ ਨੂੰ ਸੀਲ ਕਰ ਦਿੱਤਾ। ਤਲਾਸ਼ੀ ਦੌਰਾਨ ਪੁਲਿਸ ਨੂੰ ਨਸ਼ੀਲੇ ਪਦਾਰਥ ਬਰਾਮਦ ਹੋਏ।

ਇਸ ਸਬੰਧੀ ਡੀਐੱਸਪੀ ਕੁਲਭੂਸ਼ਣ ਸ਼ਰਮਾ ਦਾ ਕਹਿਣਾ ਹੈ ਕਿ ਅਕਾਲੀ ਆਗੂ ਦੇ ਘਰ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਮਿਲਣ ਦੀ ਸੰਭਾਵਨਾ ਹੈ। ਇਸ ਸਬੰਧੀ ਹੋਰ ਜਾਣਕਾਰੀ ਤਲਾਸ਼ੀ ਮੁਹਿੰਮ ਪੂਰੀ ਹੋਣ ਤੋਂ ਬਾਅਦ ਹੀ ਦਿੱਤੀ ਜਾਵੇਗੀ।

Posted By: Jagjit Singh