ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸਮਾਜ ਸੇਵੀ ਸੰਸਥਾਵਾਂ ਵੱਲੋਂ ਚਾਇਨਾ ਡੋਰ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤੋਂ ਬਾਅਦ ਹੁਣ ਪੁਲਿਸ ਨੇ ਵੀ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਵੱਲੋਂ ਚਾਇਨਾ ਡੋਰ ਖਿਲਾਫ ਵਿਸ਼ੇਸ਼ ਮੁਹਿੰਮ ਛੇੜੀ ਗਈ ਹੈ। ਅੱਜ ਉਨ੍ਹਾਂ ਆਪਣੀ ਪੁਲਿਸ ਪਾਰਟੀ ਸਮੇਤ ਸ਼ਹਿਰ ਵਿਚ ਛੱਤਾਂ 'ਤੇ ਚੜ੍ਹ ਕੇ ਡੋਰ ਚੈਕ ਕੀਤੀ। ਲੋਕਾਂ ਵੱਲੋਂ ਡੀਐਸਪੀ ਦੀ ਇਸ ਤਰ੍ਹਾਂ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਡੀਐੱਸਪੀ ਪੁਲਿਸ ਪਾਰਟੀ ਸਮੇਤ ਜਿਸ ਵੀ ਮਹੁੱਲੇ ਵਿਚ ਗਏ ਤਾਂ ਪਤੰਗਬਾਜੀ ਦੇ ਸ਼ੌਕੀਨਾਂ ਵਿਚ ਹੰੜਕਪ ਮੱਚ ਗਿਆ। ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਅੱਜ ਕਈ ਥਾਵਾਂ 'ਤੇ ਛੱਤ ਉੱਪਰ ਚੜ੍ਹੇ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਚਾਇਨਾ ਡੋਰ ਪੰਛੀਆਂ ਲਈ ਹੀ ਨਹੀਂ ਸਗੋਂ ਮਨੁੱਖੀ ਜਾਨ ਲਈ ਵੀ ਖਤਰਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਚਾਇਨਾ ਡੋਰ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਜਦੋਂ ਹੀ ਚਾਇਨਾ ਡੋਰ ਵੇਚਣ ਜਾਂ ਵਰਤਣ ਦੀ ਸੂਚਨਾ ਮਿਲਦੀ ਹੈ ਤਾਂ ਉਹ ਖੁਦ ਤਰੁੰਤ ਉੱਥੇ ਪੁੱਜ ਕੇ ਕਾਰਵਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਚਾਇਨਾ ਡੋਰ ਵੇਚਣ ਵਾਲੇ ਛੇ ਦੁਕਾਨਦਾਰਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਨਾ ਤਾਂ ਚਾਇਨਾ ਡੋਰ ਵੇਚਣ ਦਿੱਤੀ ਜਾਵੇਗੀ ਤੇ ਨਾਂ ਹੀ ਇਸਦੀ ਵਰਤੋਂ ਕਰਨ ਦਿੱਤੀ ਜਾਵੇਗੀ।