ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕਰਫ਼ਿਊ ਦੌਰਾਨ ਬਾਹਰ ਬੈਠਣ ਤੋਂ ਰੋਕਣ ’ਤੇ ਪਿੰਡ ਭਾਈਰੂਪਾ ਦੇ ਕੁੱਝ ਲੋਕਾਂ ਨੇ ਪੁਲਿਸ ਮੁਲਾਜ਼ਮ ’ਤੇ ਹਮਲਾ ਕਰ ਦਿੱਤਾ। ਉਕਤ ਮੁਲਾਜ਼ਮ ਨੇ ਆਪਣੀ ਕਾਰ ਭਜਾ ਕੇ ਜਾਨ ਬਚਾਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਫੂਲ ਦਾ ਪੁਲਿਸ ਕਾਂਸਟੇਬਲ ਕਿ੍ਸ਼ਨ ਹਰ ਰੋਜ਼ ਆਪਣੀ ਕਾਰ ’ਤੇ ਸਵਾਰ ਹੋ ਕੇ ਪਿੰਡ ਭਾਈਰੂਪਾ ਵਿਚ ਦੀ ਹੋ ਕੇ ਆਪਣੇ ਪਿੰਡ ਜਾਂਦਾ ਹੈ।

ਪੰਜਾਬ ਸਰਕਾਰ ਵੱਲੋਂ ਕਰਫ਼ਿਊ ਲਾਏ ਜਾਣ ਬਾਅਦ ਅਕਸਰ ਹੀ ਜਦੋਂ ਉਹ ਪਿੰਡ ਭਾਈਰੂਪਾ ਦੀ ਬਾਜ਼ੀਗਰ ਬਸਤੀ ਵਿੱਚੋਂ ਗੁਜ਼ਰਦਾ ਸੀ ਤਾਂ ਉਥੇ ਕਈ ਨੌਜਵਾਨ ਇਕੱਠੇ ਹੋ ਕੇ ਸੜਕ ਕਿਨਾਰੇ ਬੈਠਦੇ ਸਨ। ਉਕਤ ਮੁਲਾਜ਼ਮ ਉਨ੍ਹਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਣ ਦਾ ਸੁਝਾਅ ਦਿੰਦਿਆਂ ਘਰਾਂ ਤੋਂ ਬਾਹਰ ਨਾ ਆਉਣ ਲਈ ਕਿਹਾ ਰਿਹਾ ਸੀ।

ਅੱਜ ਸਵੇਰੇ ਜਦੋਂ ਉਹ ਆਪਣੀ ਕਾਰ ’ਤੇ ਸਵਾਰ ਹੋ ਕੇ ਡਿਊਟੀ ਲਈ ਜਾ ਰਿਹਾ ਸੀ ਤਾਂ ਫ਼ਿਰ ਸੜਕ ਕਿਨਾਰੇ ਘਰਾਂ ਤੋਂ ਬਾਹਰ ਕਈ ਨੌਜਵਾਨ ਤੇ ਬੱਚੇ ਖੜ੍ਹੇ ਹੋਏ ਸਨ। ਉਕਤ ਪੁਲਿਸ ਕਾਂਸਟੇਬਲ ਨੇ ਨੌਜਵਾਨਾਂ ਨੂੰ ਕੋਰੋਨਾ ਵਾਇਰਸ ਦੀ ਫ਼ੈਲੀ ਬਿਮਾਰੀ ਤੇ ਪੰਜਾਬ ਸਰਕਾਰ ਵੱਲੋਂ ਕਰਫ਼ਿਊ ਸਬੰਧੀ ਸਖਤੀ ਸਬੰਧੀ ਦੱਸਦਿਆਂ ਉਨ੍ਹਾਂ ਨੂੰ ਘਰਾਂ ਅੰਦਰ ਜਾਣ ਦੀ ਸਲਾਹ ਦਿੱਤੀ।

ਇਸ ਦੌਰਾਨ ਉਕਤ ਨੌਜਵਾਨ ਨੇ ਪੁਲਿਸ ਕਾਂਸਟੇਬਲ ਨਾਲ ਬਦਸਲੂਕੀ ਕਰਦਿਆਂ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕਿਸੇ ਤਰ੍ਹਾਂ ਪੁਲਿਸ ਮੁਲਾਜ਼ਮ ਉਥੋਂ ਆਪਣੀ ਗੱਡੀ ਸਮੇਤ ਬਚ ਕੇ ਨਿਕਲਿਆ। ਥਾਣਾ ਫੂਲ ਦੇ ਐਸਐਚਓ ਮਨਵਿੰਦਰ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ।

Posted By: Jagjit Singh