ਗੁਰਤੇਜ ਸਿੰਘ ਸਿੱਧੂ, ਬਠਿੰਡਾ : ਢਾਈ ਸਾਲ ਪਹਿਲਾਂ ਭੀਸੀਆਣਾ ਹਵਾਈ ਅੱਡੇ ਅੰਦਰ ਏਅਰ ਫੋਰਸ ਦੇ ਮੁਲਾਜ਼ਮ ਦੇ ਕਤਲ ਵਿਚ ਢਾਈ ਸਾਲ ਤੋਂ ਭਗੌੜਾ ਚੱਲ ਰਹੇ ਨੇਵੀ ਦੇ ਮੁਲਾਜ਼ਮ ਸ਼ਸ਼ੀ ਭੂਸ਼ਣ ਨੂੰ ਬਠਿੰਡਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਉਹ ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਸੀ। ਜਦੋਂ ਉਹ ਦੁਬਈ ਜਾਣ ਲਈ ਮੁੰਬਈ ਦੇ ਹਵਾਈ ਅੱਡੇ 'ਤੇ ਆਪਣੇ ਦਸਤਾਵੇਜ਼ ਚੈੱਕ ਕਰਵਾ ਰਿਹਾ ਸੀ ਤਾਂ ਅਧਿਕਾਰੀਆਂ ਨੇ ਤੁਰੰਤ ਉਸ ਨੂੰ ਹਿਰਾਸਤ ਵਿਚ ਲੈ ਲਿਆ। ਮੁੰਬਈ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਦੀ ਸੂਚਨਾ ਬਠਿੰਡਾ ਪੁਲਿਸ ਨੂੰ ਦਿੱਤੀ। ਬਠਿੰਡਾ ਪੁਲਿਸ ਦੀ ਟੀਮ ਉਸ ਨੂੰ ਬਠਿੰਡਾ ਲੈ ਆਈ ਹੈ। ਜ਼ਿਕਰਯੋਗ ਹੈ ਕਿ ਏਅਰ ਫੋਰਸ ਦੇ ਮੁਲਾਜ਼ਮ ਸੁਲੇਸ਼ ਕੁਮਾਰ, ਉਸ ਦੇ ਸਾਲੇ ਸ਼ਸ਼ੀ ਭੂਸ਼ਣ ਤੇ ਪਤਨੀ ਅਨੁਰਾਧਾ ਨੇ ਮਿਲ ਕੇ ਵਿਪੁਨ ਸ਼ੁਕਲਾ ਨਾਂ ਦੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਸੀ। 8 ਫ਼ਰਵਰੀ 2017 ਨੂੰ ਏਅਰ ਫੋਰਸ ਦਾ ਮੁਲਾਜ਼ਮ ਵਿਪੁਨ ਸ਼ੁਕਲਾ ਵਾਸੀ ਗੌਂਡਾ ਉੱਤਰ ਪ੍ਰਦੇਸ਼ ਅਚਾਨਕ ਲਾਪਤਾ ਹੋ ਗਿਆ ਸੀ। ਪੁਲਿਸ ਨੇ ਉਸ ਦੀ ਪਤਨੀ ਕੁਮਕੁਮ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤਿਆਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰ ਲਿਆ ਸੀ। 21 ਫਰਵਰੀ ਨੂੰ ਅਚਾਨਕ ਉਸ ਦੇ ਇਕ ਸਾਥੀ ਏਅਰ ਫ਼ੋਰਸ ਦੇ ਮੁਲਾਜ਼ਮ ਸੁਲੇਸ਼ ਕੁਮਾਰ ਦੇ ਹਵਾਈ ਅੱਡੇ ਵਿਚਲੇ ਸਰਕਾਰੀ ਕੁਆਰਟਰ 'ਚੋਂ ਬਦਬੂ ਆਉਣ ਲੱਗੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਪੁਲਿਸ ਨੇ ਜਦੋਂ ਸੁਲੇਸ਼ ਕੁਮਾਰ ਦੇ ਕੁਆਰਟਰ ਦੀ ਤਲਾਸ਼ੀ ਲਈ ਤਾਂ ਲਾਪਤਾ ਵਿਪੁਨ ਕੁਮਾਰ ਦੀ ਲਾਸ਼ ਦੇ ਕਰੀਬ 16 ਟੁਕੜੇ ਕਰ ਕੇ ਪਾਲੀਥੀਨ ਦੇ ਲਿਫਾਿਫ਼ਆਂ ਵਿਚ ਬੰਦ ਕਰ ਕੇ ਰੱਖੇ ਹੋਏ ਸਨ। ਪੁਲਿਸ ਨੇ ਸੁਲੇਸ਼ ਕੁਮਾਰ ਤੇ ਉਸ ਦੀ ਪਤਨੀ ਅਨੁਰਾਧਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਵਿਪੁਨ ਸ਼ੁਕਲਾ ਦੇ ਅਰਾਧਨਾ ਨਾਲ ਨਾਜਾਇਜ਼ ਸਬੰਧ ਸਨ। ਉਕਤ ਅੌਰਤ ਵਿਪੁਨ ਨੂੰ ਆਪਣੇ ਘਰ ਆਉਣ ਤੋਂ ਰੋਕਦੀ ਸੀ ਪਰ ਉਹ ਗਾਹੇ-ਬਗਾਹੇ ਸੁਲੇਸ਼ ਕੁਮਾਰ ਦੇ ਘਰ ਜਾਂਦਾ ਸੀ। ਸੁਲੇਸ਼ ਕੁਮਾਰ, ਉਸ ਦੇ ਸਾਲੇ ਸ਼ਸੀ ਭੂਸਨ ਤੇ ਅਨੁਰਾਧਾ ਨੇ ਮਿਲ ਕੇ ਵਿਪੁਨ ਸ਼ੁਕਲਾ ਦੇ ਕਤਲ ਦੀ ਸਾਜ਼ਿਸ ਰਚੀ। ਅਨੁਰਾਧਾ ਨੂੰ ਫੋਨ ਕਰ ਕੇ ਵਿਪੁਨ ਨੇ ਆਪਣੇ ਕੁਆਰਟਰ ਵਿਚ ਬੁਲਾ ਲਿਆ , ਜਿੱਥੇ ਤਿੰਨਾਂ ਨੇ ਉਸ ਦਾ ਕਤਲ ਕਰ ਦਿੱਤਾ। ਉਸ ਦੀ ਲਾਸ਼ ਨੂੰ ਖੁਰਦ- ਬੁਰਦ ਕਰਨ ਲਈ ਉਸ ਦੇ 16 ਟੁਕੜੇ ਕਰ ਕੇ ਪਾਲੀਥੀਨ ਦੇ ਲਿਫ਼ਾਿਫ਼ਆਂ ਵਿਚ ਬੰਦ ਕਰਕੇ ਉਨ੍ਹਾਂ ਨੂੰ ਫਰਿੱਜ 'ਚ ਰੱਖ ਦਿੱਤਾ। ਉਕਤ ਵਿਅਕਤੀਆਂ ਨੇ ਲਾਸ਼ ਦੇ ਟੁਕੜਿਆਂ ਨੂੰ ਟਿਕਾਣੇ ਲਾਉਣ ਦਾ ਯਤਨ ਕੀਤਾ ਪਰ ਜ਼ਿਆਦਾ ਰੌਲਾ ਪੈਣ ਕਾਰਨ ਹਵਾਈ ਅੱਡੇ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ, ਜਿਸ ਕਾਰਨ ਉਹ ਲਾਸ਼ ਦੇ ਟੁਕੜਿਆਂ ਨੂੰ ਬਾਹਰ ਨਹੀਂ ਸੁੱਟ ਸਕੇ। ਪੁਲਿਸ ਨੇ ਅਗਵਾ ਦੇ ਮਾਮਲੇ ਨੂੰ ਕਤਲ ਵਿਚ ਤਬਦੀਲ ਕਰ ਕੇ ਸੁਲੇਸ਼ ਕੁਮਾਰ ਤੇ ਉਸ ਦੀ ਪਤਨੀ ਅਨੁਰਾਧਾ ਨੂੰ ਗਿ੍ਫ਼ਤਾਰ ਕਰ ਲਿਆ ਜਦਕਿ ਸੁਲੇਸ਼ ਕੁਮਾਰ ਦਾ ਸਾਲਾ ਨੇਵੀ ਮੁਲਾਜ਼ਮ ਸ਼ਸੀ ਭੂਸ਼ਣ ਫ਼ਰਾਰ ਹੋ ਗਿਆ ਸੀ। ਹੁਣ ਉਹ ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਸੀ ਪਰ ਪੁਲਿਸ ਦੇ ਹੱਥੇ ਚੜ੍ਹ ਗਿਆ।

ਅਦਾਲਤ ਨੇ ਸੁਣਾਈ ਸੀ ਮੌਤ ਦੀ ਸਜ਼ਾ

ਏਅਰ ਫੋਰਸ ਮੁਲਾਜ਼ਮ ਵਿਪੁਨ ਸ਼ੁਕਲਾ ਦੇ ਕਤਲ ਕੇਸ ਦਾ ਫ਼ੈਸਲਾ ਅਦਾਲਤ ਵੱਲੋਂ ਇਸੇ ਸਾਲ 15 ਮਾਰਚ ਨੂੰ ਕੀਤਾ ਗਿਆ ਹੈ। ਬਠਿੰਡਾ ਦੇ ਵਧੀਕ ਸ਼ੈਸਨ ਜੱਜ ਨੇ ਇਸ ਕਤਲ ਨੂੰ ਘਿਨੌਣਾ ਕਤਲ ਕਰਾਰ ਦਿੰਦਿਆਂ ਸੁਲੇਸ਼ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜਦਕਿ ਉਸ ਦੀ ਪਤਨੀ ਅਨੁਰਾਧਾ ਨੂੰ ਪੰਜ ਸਾਲ ਦੀ ਬਾਮੁਸ਼ੱਕਤ ਕੈਦੀ ਦੀ ਸਜ਼ਾ ਸੁਣਾਈ ਹੈ। ਉਕਤ ਪਤੀ-ਪਤਨੀ ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਬੰਦ ਹਨ। ਹੁਣ ਤੀਜੇ ਮੁਲਜ਼ਮ ਸ਼ਸ਼ੀ ਭੂਸ਼ਣ ਦੀ ਗਿ੍ਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਕਤ ਨੇਵੀ ਦੇ ਮੁਲਾਜ਼ਮ ਖ਼ਿਲਾਫ਼ ਅਦਾਲਤ 'ਚ ਕੇਸ ਚੱਲੇਗਾ।