ਹਰਭਜਨ ਸਿੰਘ ਖਾਲਸਾ, ਤਲਵੰਡੀ ਸਾਬੋ : ਨੇੜਲੇ ਪਿੰਡ ਭਾਗੀਵਾਂਦਰ ਵਿਖੇ ਪਾਣੀ ਦੇ ਨਿਕਾਸ ਦਾ ਇਨਾਂ ਮਾੜਾ ਪ੍ਰਬੰਧ ਹੈ ਕਿ ਜਿਹੜੇ ਵਿਭਾਗਾਂ ਨੇ ਆਮ ਲੋਕਾਂ ਨੂੰ ਸੇਵਾਵਾਂ ਦੇਣੀਆਂ ਹਨ, ਉਹ ਖੁਦ ਮੀਂਹ ਦੇ ਪਾਣੀ ਵਿਚ ਡੁੱਬ ਜਾਂਦੀਆਂ ਹਨ। ਪਿਛਲੇ ਦਿਨੀਂ ਤੇਜ਼ ਪਏ ਮੀਂਹ ਕਾਰਨ ਜਿੱਥੇ ਪਿੰਡ ਦੀਆਂ ਸਾਰੀਆਂ ਗਲੀਆਂ, ਪਿੰਡ ਦੇ ਛੱਪੜਾਂ ਤੇ ਪਿੰਡਾਂ ਵਿਚ ਨੀਵੀਆਂ ਥਾਵਾਂ ਵਿਚ ਪਾਣੀ ਭਰ ਗਿਆ ਹੈ, ਉੱਥੇ ਹੀ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਥਾਵਾਂ ਦਾ ਵੀ ਬੁਰਾ ਹਾਲ ਹੈ, ਜਿਸ ਕਾਰਨ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋਇਆ ਪਿਆ ਹੈ। ਮੀਂਹ ਦੇ ਪਾਣੀ ਕਾਰਨ ਪਸ਼ੂ ਹਸਪਤਾਲ, ਸੇਵਾ ਕੇਂਦਰ, ਹੈਲਥ ਵੈੱਲਨੈੱਸ ਸੈਂਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਧਾਰਮਿਕ ਥਾਵਾਂ ਪਾਣੀ 'ਚ ਡੁੱਬੀਆਂ ਹੋਈਆਂ ਹਨ। ਭਾਵੇਂ ਕਿ ਦਫਤਰ ਦੇ ਕਰਮਚਾਰੀ ਆਪਣੇ ਵਾਹਨਾਂ 'ਤੇ ਅੰਦਰ ਪੁੱਜ ਜਾਂਦੇ ਹਨ। ਪਸ਼ੂ ਹਸਪਤਾਲ ਦਾ ਤਾਂ ਏਨਾ ਬੁਰਾ ਹਾਲ ਹੈ ਕਿ ਡਾਕਟਰ ਵੀ ਹਸਪਤਾਲ ਵਿਚ ਨਹੀਂ ਜਾ ਸਕਦੇ। ਆਮ ਲੋਕਾਂ ਨੂੰ ਵੀ ਆਪਣੀ ਸਮੱਸਿਆ ਦੱਸਣ ਲਈ ਆਉਣਾ-ਜਾਣਾ ਉੱਥੇ ਅੌਖਾ ਹੈ। ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਹੋ ਸਕਿਆ।

-0-0-0-0-0-0-0-0-

ਕੀ ਕਹਿਣਾ ਹੈ ਸੇਵਾ ਕੇਂਦਰ ਦੇ ਇੰਚਾਰਜ ਦਾ

ਸੇਵਾ ਕੇਂਦਰ ਦੇ ਇੰਚਾਰਜ ਜਸਵਿੰਦਰ ਕੌਰ ਨੇ ਕਿਹਾ ਕਿ ਸੇਵਾ ਕੇਂਦਰ ਦੇ ਦਰਵਾਜ਼ੇ ਅੱਗੇ ਛੱਪੜ ਦਾ ਪਾਣੀ ਕਈ ਦਿਨਾਂ ਤੋਂ ਖੜ੍ਹਾ ਹੋਇਆ ਹੈ, ਜਿਸ ਨਾਲ ਉਨਾਂ੍ਹ ਨੂੰ ਡੇਂਗੂ ਵਰਗੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਹੈ ਪਰ ਉਹ ਫਿਰ ਵੀ ਮਜਬੂਰਨ ਸੇਵਾ ਕੇਂਦਰ ਵਿਚ ਆ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ।

-0-0-0-0-0-0-0-0-

ਕੀ ਕਹਿਣਾ ਹੈ ਪਸ਼ੂ ਹਸਪਤਾਲ ਦੇ ਡਾਕਟਰ ਦਾ

ਇਸ ਸਬੰਧੀ ਜਦੋਂ ਪਸ਼ੂ ਹਸਪਤਾਲ ਦਰਜਾ-4 ਡਾ. ਗੁਰਸੇਵਕ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ੍ਹ ਨੇ ਕਿਹਾ ਕਿ ਹਸਪਤਾਲ ਦੇ ਅੱਗੇ ਲਗਪਗ 300 ਫੁੱਟ ਦੂਰ ਤਕ ਪਿਛਲੇ ਦਿਨਾਂ ਤੋਂ ਪਾਣੀ ਖੜ੍ਹਾ ਹੋਇਆ ਹੈ ਜੋ ਕਿ ਹੁਣ ਤੇਜ਼ਾਬੀ ਪਾਣੀ ਦਾ ਰੂਪ ਧਾਰਨ ਕਰ ਚੁੱਕਿਆ ਹੈ, ਜਿਸ ਕਾਰਨ ਉਹ ਭਿਆਨਕ ਬਿਮਾਰੀ ਲੱਗਣ ਦੇ ਡਰ ਤੋਂ ਹਸਪਤਾਲ ਵਿਚ ਨਹੀਂ ਜਾ ਸਕਦੇ। ਉਨਾਂ੍ਹ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਾਣੀ ਦਾ ਹੱਲ ਕੀਤਾ ਜਾਵੇ ਤਾਂ ਕਿ ਪਿੰਡ ਵਿਚ ਪੈ ਰਹੀ ਪਸ਼ੂਆਂ ਦੀ ਮੂੰਹਖੁਰ ਦੀ ਬੀਮਾਰੀ ਲਈ ਉਹ ਹਸਪਤਾਲ 'ਚੋਂ ਦਵਾਈ ਲਿਆ ਕੇ ਲੋਕਾਂ ਦੀ ਸੇਵਾ ਕਰ ਸਕਣ।

-0-0-0-0-0-0-

ਕੀ ਕਹਿਣਾ ਹੈ ਹੈਲਥ ਵੈਲਨਸ ਸੈਂਟਰ ਦੀ ਇੰਚਾਰਜ ਦਾ

ਇਸ ਸਬੰਧੀ ਜਦੋਂ ਸੀਐੱਚਓ ਸ਼ਰਨਜੀਤ ਕੌਰ ਨਾਲ ਗੱਲ ਕੀਤੀ ਤਾਂ ਉਨਾਂ੍ਹ ਨੇ ਕਿਹਾ ਕਿ ਹੈਲਥ ਵੈੱਲਨੈੱਸ ਸੈਂਟਰ 'ਚ ਹਰ ਰੋਜ਼ ਲਗਪਗ 50 ਤੋਂ ਵੱਧ ਗਰਭਵਤੀ ਅੌਰਤਾਂ ਤੇ ਛੋਟੇ-ਬੱਚੇ ਇਲਾਜ ਲਈ ਆਉਂਦੇ ਹਨ ਅਤੇ ਛੋਟੇ ਬੱਚਿਆਂ ਦੇ ਟੀਕਾਕਰਨ ਕੀਤਾ ਜਾਂਦਾ ਹੈ। ਉਨਾਂ੍ਹ ਦੇ ਗੇਟ ਅੱਗੇ ਪਾਣੀ ਖੜ੍ਹਨ ਕਾਰਨ ਗਰਭਵਤੀ ਅੌਰਤਾਂ ਅਤੇ ਬੱਚਿਆਂ ਨੂੰ ਡਿੱਗਣ ਦਾ ਹਰ ਸਮੇਂ ਖਤਰਾ ਰਹਿੰਦਾ ਹੈ। ਪਿਛਲੇ ਦਿਨਾਂ ਤੋਂ ਕੋਰੋਨਾ ਵੈਕਸੀਨ ਵੀ ਇੱਥੇ ਹੀ ਲੱਗ ਰਹੀ ਹੈ। ਲਗਾਤਾਰ ਉਨਾਂ੍ਹ ਦੇ ਗੇਟ ਅੱਗੇ ਪਾਣੀ ਖੜ੍ਹਨ ਕਾਰਨ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ। ਹੈਲਥ ਵੈੱਲਨੈੱਸ ਸੈਂਟਰ ਦੀ ਲੱਖਾਂ ਰੁਪਏ ਨਾਲ ਬਣੀ ਇਮਾਰਤ ਦੇ ਆਸ-ਪਾਸ ਪਾਣੀ ਖੜ੍ਹਨ ਨਾਲ ਡਿੱਗਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ, ਜਿਸ ਕਾਰਨ ਉਨਾਂ੍ਹ ਨੂੰ ਬਿਮਾਰੀਆਂ ਲੱਗਣ ਦੇ ਨਾਲ ਨਾਲ ਬਿਲਡਿੰਗ ਥੱਲੇ ਆਉਣ ਦਾ ਵੀ ਡਰ ਹੈ।

-0-0-0-0-

ਕੀ ਕਹਿਣਾ ਹੈ ਪਿੰਡ ਦੇ ਸਰਪੰਚ ਦਾ

ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਬਲਕਰਨ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ੍ਹ ਨੇ ਕਿਹਾ ਕਿ ਪਿੰਡ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਛੱਪੜ ਦਾ ਪਾਣੀ ਇਨਾਂ੍ਹ ਥਾਵਾਂ 'ਤੇ ਚਲਿਆ ਜਾਂਦਾ ਹੈ। ਇਸ ਦੀ ਗਰਾਂਟ ਨਾ ਹੋਣ ਕਾਰਨ ਉਹ ਇਸ ਦਾ ਹੱਲ ਨਹੀਂ ਕਰ ਸਕੇ। ਉਨਾਂ੍ਹ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨਾਂ੍ਹ ਨੂੰ ਪਾਣੀ ਦੀ ਨਿਕਾਸੀ ਲਈ ਗਰਾਂਟ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹ ਛੱਪੜ 'ਚੋਂ ਪਾਣੀ ਚੁੱਕ ਕੇ ਖੇਤਾਂ ਨੂੰ ਦੇ ਸਕਣ।