ਦੀਪਕ ਸ਼ਰਮਾ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਤਿਉਣਾ ਵਿਖੇ ਬੁੱਧਵਾਰ ਦੀ ਰਾਤ ਵਿਅਕਤੀ ਨੇ ਆਪਣੇ ਸਕੇ ਭਤੀਜੇ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਮੁਲਜ਼ਮ 'ਤੇ ਅਣਪਛਾਤੇ ਲੋਕਾਂ ਨੇ ਜਾਨਲੇਵਾ ਹਮਲਾ ਕਰ ਕੇ ਉਸ ਦੀ ਲੱਤਾਂ ਤੋੜ ਦਿੱਤੀਆਂ ਤੇ ਉਸ ਨੂੰ ਜ਼ਖ਼ਮੀ ਹਾਲਤ 'ਚ ਸੜਕ ਕੰਢੇ ਸੁੱਟ ਦਿੱਤਾ।

ਮੁਲਜ਼ਮ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਮੁਲਜ਼ਮ 'ਤੇ ਹਮਲਾ ਕਿਸ ਨੇ ਕਰਵਾਇਆ, ਇਸ ਸਬੰਧੀ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਉਧਰ ਮਿ੍ਤਕ ਨੌਜਵਾਨ ਦੀ ਪਛਾਣ ਚਰਨਜੀਤ ਸਿੰਘ (22) ਪੁੱਤਰ ਭੋਲਾ ਸਿੰਘ ਵਜੋਂ ਹੋਈ ਹੈ।

ਹੱਤਿਆ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਸਦਰ ਬਠਿੰਡਾ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਤੇ ਮਿ੍ਤਕ ਦੇ ਪਿਤਾ ਦੇ ਬਿਆਨਾਂ 'ਤੇ ਹਸਪਤਾਲ 'ਚ ਦਾਖਲ ਮੁਲਜ਼ਮ ਗੁਰਜੰਟ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੁਰੱਖਿਆ ਗਾਰਡ ਵਜੋਂ ਨੌਕਰੀ

ਕਰਦਾ ਸੀ।

ਥਾਣਾ ਸਦਰ ਬਠਿੰਡਾ ਇੰਚਾਰਜ ਐੱਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੇ ਸਭ ਤੋਂ ਵੱਡੇ ਭਰਾ ਗੁਰਚਰਨ ਸਿੰਘ ਦੀ ਮੌਤ ਉਪਰੰਤ ਭਰਜਾਈ ਸੁਖਪਾਲ ਕੌਰ ਦਾ ਵਿਆਹ ਛੋਟੇ ਦਿਓਰ ਗੁਰਜੰਟ ਸਿੰਘ ਨਾਲ ਕਰ ਦਿੱਤਾ ਗਿਆ ਸੀ, ਜਿਸ ਦੇ ਚਾਰ ਬੱਚੇ ਹਨ। ਬੀਤੇ ਤਿੰਨ ਮਹੀਨੇ ਤੋਂ ਗੁਰਜੰਟ ਸਿੰਘ ਤੇ ਸੁਖਪਾਲ ਕੌਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।

ਪਿਛਲੇ ਦਿਨੀਂ ਗੁਰਜੰਟ ਸਿੰਘ ਨੇ ਰਾਣੀ ਕੌਰ ਨਾਮੀ ਔਰਤ ਨਾਲ ਦੂਜਾ ਵਿਆਹ ਕਰਵਾ ਲਿਆ, ਜੋ ਕਿ ਤਿੰਨ ਦਿਨ ਪਹਿਲਾਂ ਗੁਰਜੰਟ ਸਿੰਘ ਨਾਲ ਉਸ ਦੇ ਘਰ ਰਹਿਣ ਲਈ ਆਈ ਸੀ। ਗੁਰਜੰਟ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਨਾਲ ਝਗੜੇ ਪਿੱਛੇ ਚਰਨਜੀਤ ਸਿੰਘ ਦਾ ਹੱਥ ਹੈ।

ਇਸੇ ਰੰਜਿਸ਼ ਤਹਿਤ ਬੁੱਧਵਾਰ ਰਾਤ ਨੂੰ ਉਸ ਨੇ ਸ਼ਰਾਬ ਪੀ ਕੇ ਲਾਇਸੰਸੀ ਬੰਦੂਕ ਨਾਲ ਚਰਨਜੀਤ ਸਿੰਘ 'ਤੇ ਫਾਇਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਐੱਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਹਸਪਤਾਲ 'ਚ ਦਾਖਲ ਹੈ। ਉਸ ਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਬਿਆਨ ਦਰਜ ਕੀਤੇ ਜਾਣਗੇ।