ਰਮੇਸ਼ ਅਠਵਾਲ, ਪੰਜਗਰਾਈਆਂ : ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਸੇਖਵਾਂ ਵਿਖੇ ਅਣਪਛਾਤਿਆਂ ਵੱਲੋਂ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਛਾਣ ਗੁਰਦਿਆਲ ਸਿੰਘ ਪੁੱਤਰ ਹੀਰਾ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਭਰਾ ਗੁਰਪਾਲ ਸਿੰਘ ਨੇ ਦੱਸਿਆ ਉਹ ਤੇ ਉਸ ਦਾ ਭਰਾ ਗੁਰਦਿਆਲ ਸਿੰਘ ਸੋਮਵਾਰ ਨੂੰ ਆਪਣੀ ਮਾਤਾ ਦੀ ਦਵਾਈ ਲੈਣ ਲਈ ਗਏ ਹੋਏ ਸਨ। ਇਸ ਦੌਰਾਨ ਉਸ ਨੇ ਗੁਰਦਿਆਲ ਨੂੰ ਵਾਪਸ ਘਰ ਭੇਜ ਦਿੱਤਾ। 15-20 ਮਿੰਟਾਂ ਬਾਅਦ ਦਵਾਈ ਲੈ ਕੇ ਜਦ ਉਹ ਵਾਪਸ ਘਰ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ਨੇ ਦੇਖਿਆ ਕਿ ਰਸਤੇ 'ਚ ਉਸ ਦਾ ਭਰਾ ਗੰਭੀਰ ਹਾਲਤ 'ਚ ਪਿਆ ਸੀ, ਜਿਸ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਇਸ ਸਬੰਧੀ ਉਸ ਨੇ ਥਾਣਾ ਰੰਗੜ ਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਜ਼ਖ਼ਮੀ ਭਰਾ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

ਕੀ ਕਹਿੰਦੇ ਹਨ ਡੀਐੱਸਪੀ ਸੰਜੀਵ ਕੁਮਾਰ

ਜਦ ਇਸ ਸਬੰਧੀ ਡੀਐੱਸਪੀ ਸੰਜੀਵ ਕੁਮਾਰ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੋਮਵਾਰ ਰਾਤ ਉਨ੍ਹਾਂ ਨੂੰ ਸੂਚਨਾ ਕਤਲ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀ ਐੱਸਪੀਡੀ ਕੁਲਵੰਤ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਹੈ ਤੇ ਮਿ੍ਤਕ ਦੇ ਭਰਾ ਗੁਰਪਾਲ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।